ਬਟਾਲਾ, 13 ਅਕਤੂਬਰ:- ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਲੀਵਾਲ ਵਿਖੇ ਸਵੇਰ ਦੀ ਸਭਾ ਦੌਰਾਨ ਪ੍ਰਿੰਸੀਪਲ ਬਲਵਿੰਦਰਪਾਲ ਦੀ ਅਗਵਾਈ ਹੇਠ ਵਿਸ਼ਵ ਆਫ਼ਤ ਜੋਖਮ ਘਟਾਉਣ ਦਿਵਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਵੋਕੇਸ਼ਨਲ ਟਰੇਨਰ ਮੰਗਲ ਸਿੰਘ, ਆਫ਼ਤ ਪ੍ਰਬੰਧਨ ਮਾਹਿਰ ਹਰਬਖਸ਼ ਸਿੰਘ ਬਟਾਲਾ ਅਤੇ ਮਨਿੰਦਰ ਕੌਰ ਵੀ ਸ਼ਾਮਲ ਹੋਏ।

ਇਸ ਮੌਕੇ ਆਫ਼ਤਾਂ ਦੀਆਂ ਵੱਖ-ਵੱਖ ਕਿਸਮਾਂ ਅਤੇ ਅਜਿਹੀਆਂ ਸਥਿਤੀਆਂ ਵਿੱਚ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ, ਇਸ ਬਾਰੇ ਜਾਣਕਾਰੀ ਦਿੱਤੀ ਗਈ। ਇਨ੍ਹਾਂ ਵਿੱਚ ਪਾਣੀ ਅਤੇ ਵਾਤਾਵਰਣ ਨਾਲ ਸਬੰਧਤ ਆਫ਼ਤਾਂ, ਭੂਗੋਲਿਕ ਆਫ਼ਤਾਂ, ਰਸਾਇਣਕ, ਉਦਯੋਗਿਕ ਅਤੇ ਪ੍ਰਮਾਣੂ ਆਫ਼ਤਾਂ, ਹਾਦਸਿਆਂ ਨਾਲ ਸਬੰਧਤ ਆਫ਼ਤਾਂ ਅਤੇ ਜੀਵਾਣੂਆਂ ਨਾਲ ਸਬੰਧਤ ਆਫ਼ਤਾਂ ਸ਼ਾਮਲ ਸਨ।

ਵਿਦਿਆਰਥੀਆਂ ਤੋਂ ਅਭਿਆਸ ਵੀ ਕਰਵਾਇਆ ਗਿਆ, ਤਾਂ ਜੋ ਉਹ ਕਿਸੇ ਵੀ ਘਟਨਾ ਨਾਲ ਸਹੀ ਢੰਗ ਨਾਲ ਨਜਿੱਠ ਸਕਣ ਅਤੇ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਅੰਤ ਵਿੱਚ, ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਇਸ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣ ਲਈ ਕਿਹਾ ਗਿਆ।