ਹੁਸ਼ਿਆਰਪੁਰ- ਸਪੈਸ਼ਲ ਓਲੰਪਿਕਸ ਭਾਰਤ ਪੰਜਾਬ ਚੈਪਟਰ, ਜ਼ਿਲ੍ਹਾ ਸਪੈਸ਼ਲ ਓਲੰਪਿਕਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਪੈਸ਼ਲ ਬੱਚਿਆਂ ਲਈ ਸਾਈਕਲਿੰਗ ਅਤੇ ਬੋਚੀ ਦਾ ਸਟੇਟ ਟਰਾਇਲ ਚੋਣ ਕੈਂਪ ਲਗਾਇਆ ਗਿਆ। ਸਾਈਕਲਿੰਗ ਟਰਾਇਲ ਹੁਸ਼ਿਆਰਪੁਰ-ਟਾਂਡਾ ਰੋਡ ’ਤੇ ਮਹਾਰਾਜਾ ਪੈਲੇਸ ਵਿਖੇ ਕਰਵਾਇਆ ਗਿਆ ਜਿਸ ਵਿੱਚ ਜੇਐਸਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦੇ ਵਿਦਿਆਰਥੀਆਂ ਤੋਂ ਇਲਾਵਾ ਹੋਰ ਜ਼ਿਲਿ੍ਹਆਂ ਦੇ ਬੱਚਿਆਂ ਨੇ ਵੀ ਹਿੱਸਾ ਲਿਆ। 
ਸਵੇਰੇ 5 ਵਜੇ ਸ਼ੁਰੂ ਹੋਏ ਇਸ ਕੈਂਪ ਵਿੱਚ ਕੋਚ ਅੰਜਨਾ, ਰਿਸੋਰਸ ਪਰਸਨ ਹਰਮਨ ਗਿੱਲ, ਕੋਚ ਕਵਿਤਾ, ਮਨੀ ਕੁਮਾਰ, ਅਨਮੋਲ ਸਿੰਘ, ਫਿੱਟ ਬਾਈਕਰ ਕਲੱਬ, ਆਸ਼ਾ ਕਿਰਨ ਸਕੂਲ ਦੇ ਵਲੰਟੀਅਰਾਂ ਨੇ ਹਿੱਸਾ ਲਿਆ। ਸਪੈਸ਼ਲ ਬੱਚਿਆਂ ਲਈ ਸਾਈਕਲਿੰਗ ਈਵੈਂਟ ਬਾਰੇ ਜਾਣਕਾਰੀ ਦਿੰਦੇ ਹੋਏ ਸਪੈਸ਼ਲ ਓਲੰਪਿਕਸ ਪੰਜਾਬ ਦੇ ਏਰੀਆ ਡਾਇਰੈਕਟਰ ਪਰਮਜੀਤ ਸਿੰਘ ਸਚਦੇਵਾ ਨੇ ਕਿਹਾ ਕਿ ਇਸ ਵਿੱਚ ਪੰਜਾਬ ਦੇ 22 ਐਥਲੀਟਾਂ ਨੇ ਹਿੱਸਾ ਲਿਆ ਜੋ ਰੋਪੜ, ਹੁਸ਼ਿਆਰਪੁਰ, ਲੁਧਿਆਣਾ, ਅੰਮ੍ਰਿਤਸਰ, ਮੋਹਾਲੀ, ਪਠਾਨਕੋਟ, ਫਤਿਹਗੜ੍ਹ ਸਾਹਿਬ ਆਦਿ ਜ਼ਿਲਿ੍ਹਆਂ ਤੋਂ ਆਏ ਸਨ। 
ਇਸ ਈਵੈਂਟ ਵਿੱਚ 1 ਅਤੇ 2 ਕਿਲੋਮੀਟਰ, 5 ਕਿਲੋਮੀਟਰ, 25 ਕਿਲੋਮੀਟਰ ਅਤੇ 40 ਕਿਲੋਮੀਟਰ ਲਈ ਟਰਾਇਲ ਕੀਤੇ ਗਏ। ਇਸੇ ਤਰ੍ਹਾਂ ਬੋਚੀ ਲਈ ਟਰਾਇਲ ਜੇਐਸਐਸ ਆਸ਼ਾ ਕਿਰਨ ਸਕੂਲ ਵਿਖੇ ਰਿਸੋਰਸ ਪਰਸਨ ਸੂਰਤ ਸਿੰਘ ਦੁੱਗਲ, ਕੋਚ ਅੰਜਨਾ, ਗੁਰਮੀਤ ਸਿੰਘ, ਮਿਸ ਰੀਨਾ, ਪਵਨ ਸਿੰਘ ਦੀ ਨਿਗਰਾਨੀ ਹੇਠ ਹੋਏ ਜਿਸ ਵਿੱਚ 27 ਐਥਲੀਟਾਂ ਨੇ ਹਿੱਸਾ ਲਿਆ। ਪ੍ਰੋਗਰਾਮ ਮੈਨੇਜਰ ਉਮਾ ਸ਼ੰਕਰ ਨੇ ਪ੍ਰੋਗਰਾਮ ਦੇ ਨਤੀਜਿਆਂ ਅਤੇ ਪ੍ਰਬੰਧਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। 
ਇਸ ਸਮੇਂ ਐਸਐਸਪੀ ਸੰਦੀਪ ਕੁਮਾਰ ਮਲਿਕ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਡਾਂ ਵਿਸ਼ੇਸ਼ ਬੱਚਿਆਂ ਦੇ ਵਿਕਾਸ ਲਈ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਵਿੱਚ ਜਿੱਤ ਦੀ ਭਾਵਨਾ ਦੇਖ ਕੇ ਮਨ ਖੁਸ਼ ਹੁੰਦਾ ਹੈ ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵਿਸ਼ੇਸ਼ ਬੱਚਿਆਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰੀਏ ਤਾਂ ਜੋ ਉਹ ਵੀ ਜ਼ਿੰਦਗੀ ਦੇ ਹਰ ਰੰਗ ਨੂੰ ਮਹਿਸੂਸ ਕਰ ਸਕਣ ਅਤੇ ਸਮਾਜ ਨਾਲ ਅੱਗੇ ਵੱਧ ਸਕਣ। 
ਉਨ੍ਹਾਂ ਕਿਹਾ ਕਿ ਅਸੀਂ ਵਿਸ਼ੇਸ਼ ਬੱਚਿਆਂ ਨੂੰ ਸਿਖਲਾਈ ਦੇਣ ਵਾਲੇ ਕੋਚਾਂ ਦੇ ਸਬਰ ਨੂੰ ਵੀ ਸਲਾਮ ਕਰਦੇ ਹਾਂ ਅਤੇ ਬੱਚਿਆਂ ਵਿੱਚ ਖੇਡਾਂ ਦੀ ਭਾਵਨਾ ਪੈਦਾ ਕਰਨ ਵਾਲੇ ਸਾਰਿਆਂ ਨੂੰ ਵਧਾਈ ਦਿੰਦੇ ਹਾਂ। ਜ਼ਿਲ੍ਹਾ ਸਪੈਸ਼ਲ ਓਲੰਪਿਕ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਕਰਨਲ ਗੁਰਮੀਤ ਸਿੰਘ ਨੇ ਐਸਐਸਪੀ ਸੰਦੀਪ ਕੁਮਾਰ ਮਲਿਕ ਅਤੇ ਸਾਰੇ ਕੋਚਾਂ, ਐਥਲੀਟਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਰਮੇਸ਼ ਤਲਵਾੜ, ਲੋਕੇਸ਼ ਖੰਨਾ, ਅੰਜਨਾ, ਹਰੀਸ਼ ਚੰਦਰ ਐਰੀ, ਮਲਕੀਤ ਸਿੰਘ ਮਹੇੜੂ, ਮਸਤਾਨ ਸਿੰਘ ਗਰੇਵਾਲ, ਰਾਮ ਆਸਰਾ, ਸੀਏ ਤਰਨਜੀਤ ਸਿੰਘ, ਪ੍ਰਿੰਸੀਪਲ ਸ਼ੈਲੀ ਸ਼ਰਮਾ, ਸਮ੍ਰਿਤੀ ਆਦਿ ਵੀ ਮੌਜੂਦ ਸਨ।