ਪਿਹੋਵਾ / ਦਲਜੀਤ ਅਜਨੋਹਾ: ਹਿੰਦੂ ਧਰਮ ਦੇ ਪ੍ਰਮੁੱਖ ਸ਼ਰਧਾ ਸਥਾਨ ਸਰਸਵਤੀ ਤੀਰਥ (ਪ੍ਰਿਥੂਦਕ) ਵਿਖੇ ਗੱਦੀ ਪੰਡਿਤ ਗੰਗਾਰਾਮ ਜੀ (ਭਾਰਤ) ਅਤੇ ਅਖਿਲ ਭਾਰਤੀ ਸ੍ਰੀ ਆਚਾਰੀਆ ਬ੍ਰਾਹਮਣ ਪੁਰੋਹਿਤ ਅਖਾੜਾ ਗੱਦੀ ਦੇ ਪੀਠਾਧੀਸ਼ਵਰ ਆਚਾਰੀਆ ਦੀਪਕ ਕੁਮਾਰ ਮਹਾਰਾਜ ਜੀ ਨੇ ਦੱਸਿਆ ਕਿ ਸ਼ਰਾਧ ਪੱਖ ਵਿੱਚ ਪੂਰਨਮਾਸ਼ੀ ਤੋਂ ਮੱਸਿਆ ਤੱਕ 16 ਸ਼ਰਾਧ ਹੁੰਦੇ ਹਨ। ਧਾਰਮਿਕ ਮਾਨਤਾਵਾਂ ਅਨੁਸਾਰ, ਇਹ ਪੂਰਵਜਾਂ ਪ੍ਰਤੀ ਸ਼ਰਧਾ ਪ੍ਰਗਟ ਕਰਨ ਦਾ ਪਰਵ ਹੈ, ਪਰ ਖ਼ਾਸ ਤੌਰ ’ਤੇ ਇਕਾਦਸ਼ੀ ਤੋਂ ਮੱਸਿਆ ਤੱਕ ਦੇ ਦਿਨਾਂ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ।

ਸਰਸਵਤੀ ਪ੍ਰਿਥੂਦਕ ਤੀਰਥ, ਪਿਹੋਵਾ ਵਿਖੇ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਪੰਡਿਤ ਗੰਗਾਰਾਮ ਜੀ ਦੀ ਗੱਦੀ ਅਤੇ ਆਪਣੇ ਪੁਰੋਹਿਤਾਂ ਕੋਲ ਆਪਣੇ ਪੂਰਵਜਾਂ ਦੀ ਯਾਦ ਵਿੱਚ ਅਨੁਸ਼ਠਾਨ, ਕਰਮਕਾਂਡ ਅਤੇ ਤਰਪਣ ਆਦਿ ਕਰਵਾਉਣ ਲਈ ਪਹੁੰਚੇ। ਇਸ ਦੌਰਾਨ ਚਤੁਰਦਸ਼ੀ ਦੇ ਦਿਨ ਪੰਡਿਤ ਮੋਹਿਤ ਸ਼ਰਮਾ ਅਤੇ ਪੰਡਿਤ ਵਿਕਾਸ ਸ਼ਰਮਾ ਜੀ ਨੇ ਪਿਤਰ ਪੂਜਨ ਸੰਪੂਰਨ ਕਰਵਾਇਆ।

ਗੱਦੀ ਪੰਡਿਤ ਗੰਗਾਰਾਮ ਜੀ (ਭਾਰਤ), ਅਖਿਲ ਭਾਰਤੀ ਸ੍ਰੀ ਆਚਾਰੀਆ ਬ੍ਰਾਹਮਣ ਪੁਰੋਹਿਤ ਅਖਾੜਾ ਗੱਦੀ ਦੇ ਪੀਠਾਧੀਸ਼ਵਰ ਆਚਾਰੀਆ ਦੀਪਕ ਕੁਮਾਰ, ਪੰਡਿਤ ਵਿਕਾਸ ਸ਼ਰਮਾ ਅਤੇ ਪੰਡਿਤ ਮੋਹਿਤ ਸ਼ਰਮਾ ਵੱਲੋਂ ਸਾਂਝੇ ਤੌਰ ’ਤੇ ਦੱਸਿਆ ਗਿਆ ਕਿ ਸ਼ਰਾਧ ਪੱਖ ਵਿੱਚ ਤ੍ਰਯੋਦਸ਼ੀ, ਚੌਦਸ ਅਤੇ ਮੱਸਿਆ ਦੇ ਦਿਨ ਵਿਸ਼ੇਸ਼ ਮਹੱਤਵ ਰੱਖਦੇ ਹਨ। ਇਨ੍ਹਾਂ ਦਿਨਾਂ ਵਿੱਚ ਪੂਰੇ ਭਾਰਤ ਤੋਂ ਹਜ਼ਾਰਾਂ ਲੋਕ ਆਪਣੇ ਪਿਤਰਾਂ ਦੀ ਸ਼ਾਂਤੀ ਅਤੇ ਸਦਗਤੀ ਲਈ ਇੱਥੇ ਆ ਕੇ ਪੂਜਾ-ਅਰਚਨਾ ਕਰਵਾਉਂਦੇ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਲੋਕ ਆਪਣੇ ਪਿਤਰਾਂ ਨੂੰ ਤਰਪਣ ਦਿੰਦੇ ਹਨ ਅਤੇ ਪੂਜਾ ਦੌਰਾਨ ਪੁਰੋਹਿਤਾਂ ਨੂੰ ਦਾਨ ਕਰਦੇ ਹਨ, ਤਾਂ ਜੋ ਪਿਤਰਾਂ ਨੂੰ ਸ਼ਾਂਤੀ ਮਿਲੇ, ਪਿਤਰ-ਬਾਧਾ ਤੋਂ ਮੁਕਤੀ ਮਿਲੇ ਅਤੇ ਉਨ੍ਹਾਂ ਦੀ ਸਦਗਤੀ ਹੋਵੇ।