ਗੁਹਾਟੀ:- ਦੱਖਣੀ ਅਫ਼ਰੀਕਾ ਨੇ ਦੂਜੇ ਤੇ ਆਖਰੀ ਟੈਸਟ ਮੈਚ ਦੇ ਪੰਜਵੇਂ ਦਿਨ ਮੇਜ਼ਬਾਨ ਭਾਰਤ ਨੂੰ 408 ਦੌੜਾਂ ਦੀ ਕਰਾਰੀ ਸ਼ਿਕਸਤ ਦਿੰਦਿਆਂ ਦੋ ਟੈਸਟ ਮੈਚਾਂ ਦੀ ਲੜੀ ਹੂੰਝ ਲਈ ਹੈ। ਭਾਰਤੀ ਟੀਮ ਦੂਜੀ ਪਾਰੀ ਵਿਚ 549 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 140 ਦੌੜਾਂ ’ਤੇ ਆਲ ਆਊਟ ਹੋ ਗਈ।
ਭਾਰਤ ਲਈ ਰਵਿੰਦਰ ਜਡੇਜਾ 54 ਦੌੜਾਂ ਨਾਲ ਟੌਪ ਸਕੋਰਰ ਰਿਹਾ। ਵਾਸ਼ਿੰਗਟਨ ਸੁੰਦਰ ਨੇ 16 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਸਿਮੋਰਨ ਹਾਰਮਰ ਨੇ 37 ਦੌੜਾਂ ਬਦਲੇ 6 ਵਿਕਟ ਲਏ। ਕੇਸ਼ਵ ਮਹਾਰਾਜ ਦੇ ਹਿੱਸੇ ਦੋ ਵਿਕਟਾਂ ਆਈਆਂ। ਦੱਖਣੀ ਅਫਰੀਕਾ ਨੇ ਆਪਣੀ ਪਹਿਲੀ ਪਾਰੀ ਵਿੱਚ 489 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਭਾਰਤੀ ਟੀਮ 201 ਦੌੜਾਂ 'ਤੇ ਆਲ ਆਊਟ ਹੋ ਗਈ। ਦੱਖਣੀ ਅਫਰੀਕਾ ਨੇ ਆਪਣੀ ਦੂਜੀ ਪਾਰੀ ਪੰਜ ਵਿਕਟਾਂ 'ਤੇ 260 ਦੌੜਾਂ 'ਤੇ ਐਲਾਨ ਦਿੱਤੀ। (ਸੰਖੇਪ ਸਕੋਰ: ਦੱਖਣੀ ਅਫਰੀਕਾ 489, 260/4; ਭਾਰਤ 201, 140)
ਹਾਰ ਲਈ ਅਸੀਂ ਸਾਰੇ ਜ਼ਿੰਮੇਵਾਰ, ਪਰ ਸ਼ੁਰੂਆਤ ਮੇਰੇ ਤੋਂ: ਗੰਭੀਰ
ਭਾਰਤੀ ਟੀਮ ਦੇ ਮੁੱਖ ਕੋਚ ਦੱਖਣੀ ਅਫਰੀਕਾ ਖਿਲਾਫ਼ ਟੈਸਟ ਮੈਚਾਂ ਦੀ ਲੜੀ ਵਿਚ 2-0 ਦੀ ਨਮੋਸ਼ੀਜਨਕ ਹਾਰ ਮਗਰੋਂ ਕਿਹਾ ਕਿ ਇਸ ਹਾਰ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ ਤੇ ਇਸ ਦੀ ਸ਼ੁਰੂਆਤ ਉਨ੍ਹਾਂ ਤੋਂ ਹੁੰਦੀ ਹੈ। ਗੰਭੀਰ ਨੇ ਮੈਚ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਸਾਨੂੰ ਬਿਹਤਰ ਖੇਡਣ ਦੀ ਲੋੜ ਹੈ। 95/1 ਦੇ ਸਕੋਰ ਤੋਂ 122/7 ਸਵੀਕਾਰਯੋਗ ਨਹੀਂ ਹੈ। 
ਜਿੱਥੋਂ ਤੱਕ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਮੇਰੇ ਭਵਿੱਖ ਬਾਰੇ ਫੈਸਲਾ ਕਰਨ ਦੀ ਗੱਲ ਹੈ ਤਾਂ ਮੈਂ ਉਹੀ ਸ਼ਖ਼ਸ ਹਾਂ ਜਿਸ ਨੇ ਇੰਗਲੈਂਡ ਵਿਚ ਚੰਗੇ ਨਤੀਜੇ ਦਿੱਤੇ ਹਨ ਤੇ ਚੈਂਪੀਅਨਜ਼ ਟਰਾਫ਼ੀ ਵਿਚ ਟੀਮ ਦਾ ਕੋਚ ਸੀ।’’ ਗੰਭੀਰ ਨੇ ਕਿਹਾ, ‘‘ਟੈਸਟ ਕ੍ਰਿਕਟ ਨੂੰ ਤਰਜੀਹ ਦੇਣ ਤੇ ਸਾਰਿਆਂ ਨੂੰ ਹਿੱਸਾ ਪਾਉਣ ਦੀ ਲੋੜ ਹੈ। ਸਾਨੂੰ ਇਸ ਨੂੰ ਸੰਭਵ ਬਣਾਉਣ ਲਈ ਸਮੂਹਿਕ ਯਤਨਾਂ ਦੀ ਲੋੜ ਹੈ।’’