ਬਲਾਚੌਰ, 24 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਪਿੰਡ ਰੇਲ ਮਾਜਰਾ ਦੇ ਖੇਡ ਸਟੇਡੀਅਮ ਦਾ ਮਾਮਲਾ ਹੁਣ ਹੋਰ ਭਖ ਗਿਆ ਹੈ। ਖਿਡਾਰੀਆਂ ਅਤੇ ਪਿੰਡ ਵਾਸੀਆਂ ਨੇ ਵਿਧਾਇਕਾ ਸੰਤੋਸ਼ ਕਟਾਰੀਆ ਨੂੰ ਸਿੱਧੀ ਚੇਤਾਵਨੀ ਦਿੰਦਿਆਂ 7 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਪਿੰਡ ਵਾਸੀਆਂ ਦੀ ਸਪੱਸ਼ਟ ਮੰਗ ਹੈ ਕਿ ਉਨ੍ਹਾਂ ਨੂੰ ਸਕੂਲ ਦਾ ਆਮ ਮੈਦਾਨ ਨਹੀਂ, ਸਗੋਂ ਖਿਡਾਰੀਆਂ ਲਈ ਸਹੂਲਤਾਂ ਵਾਲਾ ਅਸਲ ਖੇਡ ਸਟੇਡੀਅਮ ਚਾਹੀਦਾ ਹੈ।

ਪਿੰਡ ਵਾਸੀਆਂ ਵੱਲੋਂ ਯੂਥ ਵਿੰਗ ਦੋਆਬਾ ਜ਼ੋਨ ਮਿਸਲ ਸਤਲੁਜ ਦੇ ਪ੍ਰਧਾਨ ਤੇਜੀ ਮਾਂਗਟ ਨੇ ਕਿਹਾ ਕਿ ਉਹ ਵਿਧਾਇਕਾ ਸੰਤੋਸ਼ ਕਟਾਰੀਆ ਨੂੰ ਸਪੱਸ਼ਟ ਤੌਰ ’ਤੇ 7 ਦਿਨਾਂ ਦਾ ਸਮਾਂ ਦੇ ਰਹੇ ਹਨ ਕਿ ਪਿੰਡ ਰੇਲ ਮਾਜਰਾ ਦੀ ਇਸ ਮੰਗ ਦਾ ਠੋਸ ਅਤੇ ਲਿਖਤੀ ਹੱਲ ਕੀਤਾ ਜਾਵੇ।

ਜੇਕਰ 7 ਦਿਨਾਂ ਦੇ ਅੰਦਰ ਕੋਈ ਠੋਸ ਹੱਲ ਨਾ ਹੋਇਆ ਤਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਲੋਕਤੰਤਰੀ ਢੰਗ ਨਾਲ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਸਾਡੇ ਸਵਾਲ ਅੱਜ ਵੀ ਉਹੀ ਹਨ:

25 ਲੱਖ ਰੁਪਏ ਕਿੱਥੇ ਖਰਚ ਹੋਏ?

ਕਿਹੜੇ ਕੰਮ ’ਤੇ ਖਰਚ ਹੋਏ?

ਖਿਡਾਰੀਆਂ ਨੂੰ ਸਟੇਡੀਅਮ ਦੀਆਂ ਸਹੂਲਤਾਂ ਕਿਉਂ ਨਹੀਂ ਮਿਲੀਆਂ?

ਪਿੰਡ ਨੂੰ ਅਸਲ ਖੇਡ ਸਟੇਡੀਅਮ ਕਦੋਂ ਮਿਲੇਗਾ?

ਇਹ ਲੜਾਈ ਕਿਸੇ ਨਿੱਜੀ ਰੰਜਿਸ਼ ਦੀ ਨਹੀਂ, ਸਗੋਂ ਪਿੰਡ ਦੇ ਹੱਕਾਂ, ਨੌਜਵਾਨਾਂ ਦੇ ਭਵਿੱਖ ਅਤੇ ਸਰਕਾਰੀ ਪੈਸੇ ਦੀ ਜਵਾਬਦੇਹੀ ਦੀ ਲੜਾਈ ਹੈ।

ਵਿਧਾਇਕਾ ਸਾਹਿਬਾ! 7 ਦਿਨਾਂ ਵਿੱਚ ਹੱਲ ਦਿਓ, ਨਹੀਂ ਤਾਂ ਲੋਕਾਂ ਦੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੋ।