ਚੰਡੀਗੜ੍ਹ, 11 ਅਕਤੂਬਰ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਪੰਜਾਬ ਦੇ ਲੁਧਿਆਣਾ ਵਿੱਚ ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਦੇ 30ਵੇਂ ਵਰ੍ਹੇਗੰਢ ਸਮਾਰੋਹ ਅਤੇ ਸੇਵਾ ਸਦਭਾਵਨਾ ਸੰਮੇਲਨ ਵਿੱਚ ਸ਼ਿਰਕਤ ਕਰਦਿਆਂ ਟਰੱਸਟ ਵੱਲੋਂ ਪਿਛਲੇ ਤਿੰਨ ਦਹਾਕਿਆਂ ਤੋਂ ਸਮਾਜ ਦੇ ਲੋੜਵੰਦ ਵਰਗਾਂ, ਬਜ਼ੁਰਗਾਂ, ਮਾਵਾਂ-ਭੈਣਾਂ ਅਤੇ ਬੱਚਿਆਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੇਵਾ, ਪਰਉਪਕਾਰ ਅਤੇ ਲੋੜਵੰਦ ਵਿਅਕਤੀ ਦੇ ਹੰਝੂ ਪੂੰਝਣ ਦੀ ਭਾਵਨਾ ਹੀ ਅਸਲ ਅਰਥਾਂ ਵਿੱਚ ਮਨੁੱਖਤਾ ਦੀ ਸੇਵਾ ਹੈ।

ਮੁੱਖ ਮੰਤਰੀ ਨੇ ਵਿਸ਼ਵ ਸ਼ਾਂਤੀ ਕੇਂਦਰ ਦੇ ਸੰਸਥਾਪਕ ਸ਼ਰੱਧੇਯ ਆਚਾਰੀਆ ਲੋਕੇਸ਼ ਮੁਨੀ, ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸ੍ਰੀ ਅਨਿਲ ਮੋਂਗਾ, ਮੌਜੂਦ ਬਜ਼ੁਰਗਾਂ, ਮਾਵਾਂ-ਭੈਣਾਂ, ਨੌਜਵਾਨ ਸਾਥੀਆਂ ਅਤੇ ਬੱਚਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਗੁਰੂਆਂ, ਸੰਤਾਂ ਅਤੇ ਮਹਾਂਪੁਰਖਾਂ ਦੀ ਪਵਿੱਤਰ ਧਰਤੀ ਪੰਜਾਬ ਵਿੱਚ ਆ ਕੇ ਉਨ੍ਹਾਂ ਨੂੰ ਅਧਿਆਤਮਿਕ ਸ਼ਾਂਤੀ ਦਾ ਅਨੁਭਵ ਹੋ ਰਿਹਾ ਹੈ। ਉਨ੍ਹਾਂ ਸਾਰਿਆਂ ਨੂੰ ਨਰਾਤਿਆਂ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਟਰੱਸਟ ਦੇ ਵਿਦਿਆਰਥੀਆਂ ਅਤੇ ਸੀਨੀਅਰ ਨਾਗਰਿਕਾਂ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ।

ਮੁੱਖ ਮੰਤਰੀ ਨੇ ਕਿਹਾ ਕਿ ਸਾਲ 1996 ਵਿੱਚ ਸਥਾਪਤ ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਦਾ ਛੋਟਾ ਜਿਹਾ ਬੂਟਾ ਅੱਜ ਇੱਕ ਵਿਸ਼ਾਲ ਵਟਵ੍ਰਿਕਸ਼ ਬਣ ਚੁੱਕਾ ਹੈ। ਟਰੱਸਟ ਦੇ ਕੰਮਾਂ ਨਾਲ ਹਜ਼ਾਰਾਂ-ਲੱਖਾਂ ਲੋੜਵੰਦਾਂ ਨੂੰ ਰਾਹਤ, ਸਹਾਰਾ ਅਤੇ ਬਿਹਤਰ ਜੀਵਨ ਦੀ ਉਮੀਦ ਮਿਲੀ ਹੈ। ਉਨ੍ਹਾਂ ਟਰੱਸਟ ਦੇ ਸਾਰੇ ਮੈਂਬਰਾਂ ਨੂੰ 30 ਸਾਲ ਦੀ ਗੌਰਵਮਈ ਸੇਵਾ ਯਾਤਰਾ ਪੂਰੀ ਕਰਨ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਸੱਭਿਆਚਾਰ ਵਿੱਚ ‘ਸੇਵਾ ਪਰਮੋ ਧਰਮ’ ਦਾ ਸੁਨੇਹਾ ਦਿੱਤਾ ਗਿਆ ਹੈ। ਜਦੋਂ ਕੋਈ ਸੰਸਥਾ ਜਾਂ ਵਿਅਕਤੀ ਸਮਾਜ ਦੇ ਆਖਰੀ ਪੜਾਅ ’ਤੇ ਖੜ੍ਹੇ ਵਿਅਕਤੀ ਦੇ ਹੰਝੂ ਪੂੰਝਣ ਦਾ ਸੰਕਲਪ ਲੈਂਦਾ ਹੈ, ਤਾਂ ਉਹ ਕੇਵਲ ਸਮਾਜਿਕ ਸੇਵਾ ਨਹੀਂ ਕਰਦਾ, ਸਗੋਂ ਪ੍ਰਮਾਤਮਾ ਦੀ ਸੱਚੀ ਪੂਜਾ ਵੀ ਕਰਦਾ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਟਰੱਸਟ ਵੱਲੋਂ ਪਿਛਲੇ ਤਿੰਨ ਦਹਾਕਿਆਂ ਵਿੱਚ ਬ੍ਰਹਮਭੋਗ ਪ੍ਰੋਗਰਾਮ ਰਾਹੀਂ ਤਿੰਨ ਕਰੋੜ ਤੋਂ ਵੱਧ ਲੋੜਵੰਦ ਲੋਕਾਂ ਨੂੰ ਭੋਜਨ ਕਰਵਾਇਆ ਗਿਆ ਹੈ। ਦਿੱਲੀ ਅਤੇ ਪੰਜਾਬ ਵਿੱਚ 11 ਫੂਡ ਟਰੱਕਾਂ ਰਾਹੀਂ ਹਸਪਤਾਲਾਂ, ਝੁੱਗੀ-ਝੌਂਪੜੀਆਂ ਅਤੇ ਵਿਸ਼ੇਸ਼ ਬੱਚਿਆਂ ਦੇ ਸਕੂਲਾਂ ਤੱਕ ਰੋਜ਼ਾਨਾ 20 ਹਜ਼ਾਰ ਤੋਂ ਵੱਧ ਲੋਕਾਂ ਨੂੰ ਸਨਮਾਨਪੂਰਵਕ ਭੋਜਨ ਉਪਲਬਧ ਕਰਵਾਇਆ ਜਾ ਰਿਹਾ ਹੈ। ਇਸ ਸਾਲ ਦੇ ਅੰਤ ਤੱਕ ਰੋਜ਼ਾਨਾ 30 ਹਜ਼ਾਰ ਲੋਕਾਂ ਨੂੰ ਭੋਜਨ ਕਰਵਾਉਣ ਦਾ ਟੀਚਾ ਸ਼ਲਾਘਾਯੋਗ ਹੈ। ਉਨ੍ਹਾਂ ਕੋਵਿਡ-19 ਮਹਾਮਾਰੀ ਦੌਰਾਨ ਟਰੱਸਟ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਔਖੇ ਸਮੇਂ ਵਿੱਚ 12 ਹਫ਼ਤਿਆਂ ਦੇ ਅੰਦਰ 42 ਲੱਖ ਤੋਂ ਵੱਧ ਭੋਜਨ ਦੇ ਪੈਕੇਟ ਵੰਡ ਕੇ ਲੋੜਵੰਦਾਂ ਨੂੰ ਰਾਹਤ ਪਹੁੰਚਾਉਣਾ ਵਚਨਬੱਧਤਾ ਅਤੇ ਸੰਵੇਦਨਸ਼ੀਲਤਾ ਦੀ ਉੱਤਮ ਉਦਾਹਰਣ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਟਰੱਸਟ ਨੇ ਬ੍ਰਹਮਭੋਗ ਦੇ ਨਾਲ-ਨਾਲ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇ ਕੇ ਰੁਜ਼ਗਾਰ ਨਾਲ ਜੋੜਨ ਦਾ ਮਹੱਤਵਪੂਰਨ ਕੰਮ ਕੀਤਾ ਹੈ। ਹੁਣ ਤੱਕ 11 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਹੈ। ਖਾਸ ਤੌਰ ’ਤੇ 18 ਤੋਂ 25 ਸਾਲ ਦੀਆਂ ਯੁਵਤੀਆਂ ਨੂੰ ਹੁਨਰਮੰਦ ਬਣਾ ਕੇ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਅੱਗੇ ਵਧਾਉਣਾ ਸ਼ਲਾਘਾਯੋਗ ਹੈ। ਜਦੋਂ ਇੱਕ ਧੀ ਆਪਣੇ ਪੈਰਾਂ ’ਤੇ ਖੜ੍ਹੀ ਹੁੰਦੀ ਹੈ, ਤਾਂ ਉਸ ਦਾ ਆਤਮਵਿਸ਼ਵਾਸ ਵਧਦਾ ਹੈ, ਪਰਿਵਾਰ ਨੂੰ ਸਹਾਰਾ ਮਿਲਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਮੌਕਿਆਂ ਦੇ ਨਵੇਂ ਦਰਵਾਜ਼ੇ ਖੁੱਲ੍ਹਦੇ ਹਨ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨੌਜਵਾਨਾਂ ਨੂੰ ਹੁਨਰ ਅਤੇ ਜੀਵਨ ਵਿੱਚ ਉਦੇਸ਼ ਦੇਣਾ ਨਸ਼ਿਆਂ ਤੋਂ ਬਚਾਅ ਦੀ ਦਿਸ਼ਾ ਵਿੱਚ ਵੀ ਮਹੱਤਵਪੂਰਨ ਯਤਨ ਹੈ। ਨੌਜਵਾਨਾਂ ਨੂੰ ਗਲਤ ਰਸਤਿਆਂ ਤੋਂ ਦੂਰ ਰੱਖਣ ਦੇ ਨਾਲ-ਨਾਲ ਉਨ੍ਹਾਂ ਨੂੰ ਅੱਗੇ ਵਧਣ ਦੇ ਮੌਕੇ ਉਪਲਬਧ ਕਰਵਾਉਣਾ ਸਮਾਜ ਦੀ ਸਮੂਹਿਕ ਜ਼ਿੰਮੇਵਾਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਹਾਲਾਤ ਤੋਂ ਨਿਰਾਸ਼ ਹੋਣ ਦੀ ਬਜਾਏ ਆਪਣੀ ਮਿਹਨਤ ਅਤੇ ਹਿੰਮਤ ਨਾਲ ਆਪਣੀ ਮੰਜ਼ਿਲ ਤੈਅ ਕਰਨ।

ਮੁੱਖ ਮੰਤਰੀ ਨੇ ਟਰੱਸਟ ਦੀਆਂ ਸਿਹਤ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਕਰਮ ਹੈਲਥਕੇਅਰ’ ਪ੍ਰੋਜੈਕਟ ਰਾਹੀਂ ਪੰਜ ਮੋਬਾਈਲ ਐਂਬੂਲੈਂਸਾਂ ਵੱਲੋਂ ਰੋਜ਼ਾਨਾ 800 ਤੋਂ 1,000 ਲੋੜਵੰਦ ਮਰੀਜ਼ਾਂ ਤੱਕ ਮੁਫ਼ਤ ਦਵਾਈਆਂ, ਜਾਂਚ ਅਤੇ ਐਮਰਜੈਂਸੀ ਮੈਡੀਕਲ ਸਹਾਇਤਾ ਪਹੁੰਚਾਈ ਜਾ ਰਹੀ ਹੈ। 25 ਤੋਂ ਵੱਧ ਮੰਨੇ-ਪ੍ਰਮੰਨੇ ਹਸਪਤਾਲਾਂ ਦੇ ਸਹਿਯੋਗ ਨਾਲ ਹੁਣ ਤੱਕ 500 ਤੋਂ ਵੱਧ ਵੱਡੀਆਂ ਸਰਜਰੀਆਂ ਮੁਫ਼ਤ ਜਾਂ ਬਹੁਤ ਰਿਆਇਤੀ ਦਰਾਂ ’ਤੇ ਕਰਵਾਈਆਂ ਜਾ ਚੁੱਕੀਆਂ ਹਨ। ਗਰੀਬ ਅਤੇ ਲੋੜਵੰਦ ਪਰਿਵਾਰਾਂ ਤੱਕ ਗੁਣਵੱਤਾਪੂਰਨ ਸਿਹਤ ਸਹੂਲਤਾਂ ਪਹੁੰਚਾਉਣਾ ਅਸਲ ਵਿੱਚ ਪੁੰਨ ਦਾ ਕੰਮ ਹੈ।

ਉਨ੍ਹਾਂ ਕਿਹਾ ਕਿ ਟਰੱਸਟ ਦਾ ‘ਹੈਵਨਲੀ ਪੈਲੇਸ’ ਸੀਨੀਅਰ ਨਾਗਰਿਕਾਂ ਲਈ ਸਨਮਾਨ, ਸੁਰੱਖਿਆ ਅਤੇ ਆਪਣੇਪਣ ਦਾ ਪ੍ਰਤੀਕ ਹੈ। 19 ਏਕੜ ਵਿੱਚ ਫੈਲੇ ਇਸ ਪਰਿਸਰ ਵਿੱਚ 500 ਤੋਂ ਵੱਧ ਬਜ਼ੁਰਗ ਬਿਹਤਰ ਸਹੂਲਤਾਂ ਨਾਲ ਜੀਵਨ ਬਤੀਤ ਕਰ ਰਹੇ ਹਨ। ਇੱਥੇ 600 ਲਗਜ਼ਰੀ ਕਮਰੇ, 10 ਹਜ਼ਾਰ ਵਰਗ ਫੁੱਟ ਦਾ ਸਫ਼ਾਈਯੁਕਤ ਡਾਇਨਿੰਗ ਹਾਲ, 24 ਘੰਟੇ ਮੈਡੀਕਲ ਸਹੂਲਤ ਅਤੇ ਯੋਗ ਪਾਰਕ ਵਰਗੀਆਂ ਵਿਵਸਥਾਵਾਂ ਹਨ। ਉਨ੍ਹਾਂ ਲੋੜਵੰਦ ਬਜ਼ੁਰਗਾਂ ਲਈ 150 ਬੈੱਡਾਂ ਦੀ ‘ਜੌਏਫੁੱਲ ਲਿਵਿੰਗ’ ਸਹੂਲਤ ਸ਼ੁਰੂ ਕਰਨ ਦੀ ਪਹਿਲ ਦੀ ਵੀ ਸ਼ਲਾਘਾ ਕੀਤੀ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸੋਚ ਅਤੇ ਰਾਸ਼ਟਰ ਸੇਵਾ ਦੀ ਭਾਵਨਾ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਬੱਚੇ ਸਾਡੇ ਵਿਕਸਿਤ ਭਾਰਤ ਦੀ ਸਫਲਤਾ ਦੀ ਨੀਂਹ ਬਣਨਗੇ, ਇਸ ਲਈ ਇਨ੍ਹਾਂ ਨੂੰ ਸਮਰੱਥ ਅਤੇ ਜਾਗਰੂਕ ਕਰਨਾ ਹਰ ਕਿਸੇ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਸਰਕਾਰ ਨੇ ‘ਮਿਸ਼ਨ ਬੁਨਿਆਦ’ ਅਤੇ ‘ਸੁਪਰ-100’ ਵਰਗੇ ਪ੍ਰੋਗਰਾਮ ਚਲਾਏ ਹਨ, ਜਿਨ੍ਹਾਂ ਰਾਹੀਂ ਬੱਚਿਆਂ ਦੀ ਸਿੱਖਿਆ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਅਜਿਹਾ ਕੋਈ ਆਈ.ਆਈ.ਟੀ. (IIT), ਐਨ.ਆਈ.ਟੀ. (NIT) ਜਾਂ ਮੈਡੀਕਲ ਕਾਲਜ ਨਹੀਂ ਹੈ, ਜਿੱਥੇ ਹਰਿਆਣਾ ਦੇ ਇਨ੍ਹਾਂ ਬੱਚਿਆਂ ਦਾ ਦਾਖਲਾ ਨਾ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ, ਪਰ ਲੋੜ ਉਨ੍ਹਾਂ ਨੂੰ ਸਹੀ ਦਿਸ਼ਾ ਦੇਣ ਦੀ ਹੈ।

ਮੁੱਖ ਮੰਤਰੀ ਨੇ ਟਰੱਸਟ ਦੇ ‘ਗਲੋਬਲ ਪੀਸ ਐਂਡ ਹਾਰਮਨੀ ਇਨੀਸ਼ੀਏਟਿਵ’ ਰਾਹੀਂ ਸ਼ਾਂਤੀ, ਭਾਈਚਾਰੇ ਅਤੇ ਸਦਭਾਵਨਾ ਦਾ ਸੁਨੇਹਾ ਫੈਲਾਉਣ ਦੇ ਯਤਨਾਂ ਨੂੰ ਵੀ ਸ਼ਲਾਘਾਯੋਗ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੇ ਯਤਨ ਸਮਾਜ ਵਿੱਚ ਪਿਆਰ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ ਅਤੇ ਲੋਕਾਂ ਨੂੰ ਜਾਤ-ਪਾਤ, ਧਰਮ ਅਤੇ ਖੇਤਰ ਦੀਆਂ ਸੀਮਾਵਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਲਈ ਕੰਮ ਕਰਨ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਟਰੱਸਟ ਦੇ ਸਾਰੇ ਮੈਂਬਰਾਂ ਨੂੰ 30 ਸਾਲ ਦੀ ਸਫਲ ਸੇਵਾ ਯਾਤਰਾ ਲਈ ਸ਼ੁਭਕਾਮਨਾਵਾਂ ਦਿੰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਸੰਸਥਾ ਭਵਿੱਖ ਵਿੱਚ ਵੀ ਸਮਾਜ ਦੇ ਵਾਂਝੇ ਵਰਗਾਂ ਦੇ ਜੀਵਨ ਵਿੱਚ ਆਸ ਅਤੇ ਖੁਸ਼ੀਆਂ ਦਾ ਉਜਾਲਾ ਫੈਲਾਉਂਦੀ ਰਹੇਗੀ।