ਹੁਸ਼ਿਆਰਪੁਰ: ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਅੰਤਰ-ਜ਼ਿਲ੍ਹਾ ਸੀਨੀਅਰ ਵੂਮੈਨ ਕ੍ਰਿਕਟ ਟੂਰਨਾਮੈਂਟ ਦੇ ਇੱਕ ਦਿਨਾ 50-50 ਓਵਰਾਂ ਦੇ ਮੈਚ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਕਪੂਰਥਲਾ ਟੀਮ ਨੂੰ 7 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ.ਡੀ.ਸੀ.ਏ. ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਕਪੂਰਥਲਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.2 ਓਵਰਾਂ ਵਿੱਚ 204 ਦੌੜਾਂ ਬਣਾਈਆਂ। ਜਿਸ ਵਿੱਚ ਮੁਸਕਾਨ ਸ਼ਰਮਾ ਨੇ 47, ਸੁਖਮਨਲੀਨ ਕੌਰ ਅਤੇ ਸਮਰੀਤ ਕੌਰ ਨੇ 30-30 ਦੌੜਾਂ ਦਾ ਯੋਗਦਾਨ ਪਾਇਆ। ਹੁਸ਼ਿਆਰਪੁਰ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਅੰਜਲੀ ਸੀਮਰ ਤੇ ਸੰਜਨਾ ਕੁਮਾਰੀ ਨੇ 4-4 ਵਿਕਟਾਂ ਅਤੇ ਸ਼ਿਵਾਨੀ ਨੇ ਕਪੂਰਥਲਾ ਦੇ 2 ਖਿਡਾਰੀਆਂ ਨੂੰ ਆਊਟ ਕੀਤਾ।
ਉਨ੍ਹਾਂ ਦੱਸਿਆ ਕਿ ਜਿੱਤ ਲਈ 50 ਓਵਰਾਂ ਵਿੱਚ 205 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਹੁਸ਼ਿਆਰਪੁਰ ਦੀ ਟੀਮ ਨੇ 42.1 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ 'ਤੇ 205 ਦੌੜਾਂ ਬਣਾ ਕੇ 7 ਵਿਕਟਾਂ ਨਾਲ ਇਹ ਮੈਚ ਜਿੱਤ ਕੇ ਆਪਣੀ ਲਗਾਤਾਰ ਦੂਜੀ ਜਿੱਤ ਦੇ ਨਾਲ 4 ਅੰਕ ਪ੍ਰਾਪਤ ਕੀਤੇ। ਹੁਸ਼ਿਆਰਪੁਰ ਵੱਲੋਂ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਪੂਜਾ ਦੇਵੀ ਨੇ ਨਾਬਾਦ 78 ਦੌੜਾਂ ਅਤੇ ਨਿਰੰਕਾ ਨੇ ਇਸ ਮੈਚ ਵਿੱਚ ਵੀ 50 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਵੰਸ਼ਿਕਾ ਨੇ 20, ਮਨਰੀਤ ਓਲਖ ਨੇ 16 ਅਤੇ ਕਪਤਾਨ ਸੁਹਾਨਾ ਨੇ ਨਾਬਾਦ 15 ਦੌੜਾਂ ਬਣਾਈਆਂ।
ਡਾ. ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਦੀ ਟੀਮ ਨੇ ਇਸ ਜਿੱਤ ਨਾਲ ਆਪਣੇ ਏ-ਪੂਲ ਵਿੱਚ ਦੋਵੇਂ ਮੈਚ ਜਿੱਤ ਕੇ 8 ਅੰਕ ਹਾਸਲ ਕਰ ਲਏ ਹਨ। ਹੁਸ਼ਿਆਰਪੁਰ ਦੀ ਇਸ ਜਿੱਤ 'ਤੇ ਐਚ.ਡੀ.ਸੀ.ਏ. ਪ੍ਰਧਾਨ ਡਾ. ਦਲਜੀਤ ਖੇਲਾ, ਵਿਵੇਕ ਸਾਹਨੀ, ਠਾਕੁਰ ਯੋਗਰਾਜ, ਡਾ. ਪੰਕਜ ਸ਼ਿਵ, ਜਤਿੰਦਰ ਸੂਦ ਤੋਂ ਇਲਾਵਾ ਸਮੂਹ ਐਸੋਸੀਏਸ਼ਨ ਅਹੁਦੇਦਾਰਾਂ ਨੇ ਟੀਮ ਨੂੰ ਵਧਾਈ ਦਿੱਤੀ। ਟੀਮ ਦੀ ਇਸ ਵੱਡੀ ਜਿੱਤ 'ਤੇ ਟੀਮ ਕੋਚ ਦਵਿੰਦਰ ਕੌਰ ਕਲਿਆਣ, ਸਹਾਇਕ ਕੋਚ ਨਿਕਿਤਾ ਕੁਮਾਰੀ, ਟੀਮ ਮੈਨੇਜਰ ਕੁਲਜੀਤ ਧਾਮੀ ਨੇ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਐਚ.ਡੀ.ਸੀ.ਏ. ਸੀਨੀਅਰ ਕੋਚ ਦਲਜੀਤ ਸਿੰਘ, ਸਹਾਇਕ ਕੋਚ ਪ੍ਰਵੀਨ ਸ਼ਿੰਟੂ, ਪੰਕਜ ਪਿੰਕਾ, ਦਿਨੇਸ਼ ਸ਼ਰਮਾ, ਅਸ਼ੋਕ ਸ਼ਰਮਾ ਆਦਿ ਨੇ ਵੀ ਟੀਮ ਦੇ ਖਿਡਾਰੀਆਂ ਨੂੰ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਲਈ ਵਧਾਈ ਦਿੱਤੀ। ਡਾ. ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਟੀਮ ਦਾ ਅਗਲਾ ਮੁਕਾਬਲਾ ਜ਼ਿਲ੍ਹਾ ਰੋਪੜ ਦੀ ਟੀਮ ਨਾਲ 11 ਜੂਨ ਨੂੰ ਹੁਸ਼ਿਆਰਪੁਰ ਵਿਖੇ ਖੇਡਿਆ ਜਾਵੇਗਾ।