ਨਵਾਂਸ਼ਹਿਰ (ਦੇਸ ਰਾਜ ਬਾਲੀ):- ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਵੱਲੋਂ ਐਸੋਸੀਏਸ਼ਨ ਦੇ ਚੇਅਰਮੈਨ ਡਾ. ਜੇ.ਡੀ. ਵਰਮਾ ਦੀ ਸਰਪ੍ਰਸਤੀ ਅਤੇ ਪ੍ਰਧਾਨ ਐਸ.ਕੇ. ਪੁਰੀ ਦੀ ਪ੍ਰਧਾਨਗੀ ਹੇਠ ਬਾਈ ਜੀ ਦੀ ਕੁਟੀਆ ਨਵਾਂਸ਼ਹਿਰ ਵਿਖੇ ਅੰਤਰਰਾਸ਼ਟਰੀ ਸੀਨੀਅਰ ਸਿਟੀਜਨਜ਼ ਦਿਵਸ ਦੇ ਸਬੰਧ ਵਿੱਚ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਐਸਡੀਐਮ ਅਨਮਯਜੋਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਿਵਲ ਸਰਜਨ ਡਾ. ਅਮਨ ਸੂਦ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਰੇਸ਼ ਕੁਮਾਰ ਅਤੇ ਡੀਐਸਪੀ ਅਮਨਦੀਪ ਸੌਂਧੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ।

ਪ੍ਰੋਗਰਾਮ ਦੇ ਆਰੰਭ ਵਿੱਚ ਆਪਣੇ ਸਵਾਗਤੀ ਭਾਸ਼ਣ ਦੌਰਾਨ ਚੇਅਰਮੈਨ ਡਾ. ਜੇ.ਡੀ. ਵਰਮਾ ਨੇ ਆਏ ਹੋਏ ਮਹਿਮਾਨਾਂ, ਐਸੋਸੀਏਸ਼ਨ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਉਨ੍ਹਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਦਾ ਸਵਾਗਤ ਕੀਤਾ। ਪ੍ਰਧਾਨ ਐਸ.ਕੇ. ਪੁਰੀ ਨੇ ਐਸੋਸੀਏਸ਼ਨ ਦੇ ਗਠਨ ਬਾਰੇ ਦੱਸਿਆ ਕਿ ਅਪ੍ਰੈਲ 2013 ਵਿੱਚ ਇਹ ਸੰਸਥਾ ਸਿਰਫ਼ 21 ਮੈਂਬਰਾਂ ਨਾਲ ਬਣੀ ਸੀ, ਜਦਕਿ ਹੁਣ ਇਸ ਦੇ ਕਰੀਬ 250 ਮੈਂਬਰ ਹਨ। ਇਨ੍ਹਾਂ ਵਿੱਚ ਵੱਖ-ਵੱਖ ਵਿਭਾਗਾਂ ਦੇ ਸੇਵਾਮੁਕਤ ਅਧਿਕਾਰੀ ਅਤੇ ਕਰਮਚਾਰੀ, ਕਾਰੋਬਾਰੀ, ਕਿਸਾਨ ਅਤੇ ਸਮਾਜ ਦੇ ਹੋਰ ਵੱਖ-ਵੱਖ ਵਰਗਾਂ ਨਾਲ ਸਬੰਧਤ ਲੋਕ ਸ਼ਾਮਲ ਹਨ।

ਪ੍ਰਧਾਨ ਪੁਰੀ ਨੇ ਮੁੱਖ ਮਹਿਮਾਨ ਐਸਡੀਐਮ ਅਨਮਯਜੋਤ ਕੌਰ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਦੀਆਂ ਖਸਤਾ ਹਾਲ ਅੰਦਰੂਨੀ ਸੜਕਾਂ, ਖ਼ਾਸ ਕਰਕੇ ਕੁਲਾਮ ਰੋਡ ਅਤੇ ਸਲੋਹ ਰੋਡ, ਨੂੰ ਤੁਰੰਤ ਬਣਵਾਇਆ ਜਾਵੇ। ਇਨ੍ਹਾਂ ਸੜਕਾਂ ਉੱਤੇ ਅਕਸਰ ਬਜ਼ੁਰਗਾਂ ਅਤੇ ਆਮ ਰਾਹਗੀਰਾਂ ਦੇ ਸੱਟ-ਚੋਟ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੀਨੀਅਰ ਸਿਟੀਜਨਜ਼ ਨੂੰ ਪ੍ਰਬੰਧਕੀ ਕੰਪਲੈਕਸ ਜਾਂ ਕਿਸੇ ਹੋਰ ਸਰਕਾਰੀ ਇਮਾਰਤ ਵਿੱਚ ਪੱਕੇ ਤੌਰ ’ਤੇ ਇੱਕ ਕਮਰਾ ਜਾਂ ਹਾਲ ਅਲਾਟ ਕੀਤਾ ਜਾਵੇ, ਜਿੱਥੇ ਬੈਠ ਕੇ ਬਜ਼ੁਰਗ ਆਪਣੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕਰ ਸਕਣ।

ਜਨਰਲ ਸਕੱਤਰ ਸੁਖਦੇਵ ਸ਼ਰਮਾ ਨੇ ਪਿਛਲੇ ਸਾਲ ਦੌਰਾਨ ਐਸੋਸੀਏਸ਼ਨ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਦੱਸਿਆ। ਇਨ੍ਹਾਂ ਵਿੱਚ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਲਈ ਲਗਾਏ ਗਏ ਪੌਦੇ ਅਤੇ ਖੂਨਦਾਨ ਕੈਂਪ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਸਮਾਜ ਸੇਵਾ ਦੇ ਕੰਮ ਲਗਾਤਾਰ ਜਾਰੀ ਰੱਖੇ ਜਾਣਗੇ।

ਮੁੱਖ ਮਹਿਮਾਨ ਐਸਡੀਐਮ ਅਨਮਯਜੋਤ ਕੌਰ ਨੇ ਬਜ਼ੁਰਗਾਂ ਨੂੰ ਆਪਣੀ ਜ਼ਿੰਦਗੀ ਖੁੱਲ੍ਹ ਕੇ ਜਿਊਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਤੰਦਰੁਸਤ ਰਹਿਣਾ ਹੈ ਤਾਂ ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਲਗਾਈ ਰੱਖਣਾ ਚਾਹੀਦਾ ਹੈ। ਸਿਵਲ ਸਰਜਨ ਡਾ. ਅਮਨ ਸੂਦ ਨੇ ਬਜ਼ੁਰਗਾਂ ਅਤੇ ਆਮ ਲੋਕਾਂ ਵਿੱਚ ਹੋਣ ਵਾਲੇ ਸਰੀਰਕ ਅਤੇ ਮਾਨਸਿਕ ਰੋਗਾਂ ਅਤੇ ਉਨ੍ਹਾਂ ਦੇ ਇਲਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਰੇਸ਼ ਕੁਮਾਰ ਨੇ ਬਜ਼ੁਰਗਾਂ ਨੂੰ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ। ਡੀਐਸਪੀ ਅਮਨਦੀਪ ਸੌਂਧੀ ਨੇ ਆਮ ਲੋਕਾਂ ਅਤੇ ਖ਼ਾਸ ਕਰਕੇ ਬਜ਼ੁਰਗਾਂ ਨੂੰ ਸਾਈਬਰ ਠੱਗਾਂ ਤੋਂ ਸਾਵਧਾਨ ਰਹਿਣ ਲਈ ਕਿਹਾ।

ਸਾਬਕਾ ਡੀਈਓ ਦਿਨੇਸ਼ ਕੁਮਾਰ ਨੇ ਸੀਨੀਅਰ ਸਿਟੀਜਨਜ਼ ਦਿਵਸ ਦੇ ਇਤਿਹਾਸ ਬਾਰੇ ਦੱਸਿਆ ਅਤੇ ਬਜ਼ੁਰਗਾਂ ਦੀ ਮਦਦ ਲਈ ਬਣਾਏ ਗਏ ਕਾਨੂੰਨਾਂ ਸਬੰਧੀ ਜਾਣਕਾਰੀ ਦਿੱਤੀ। ਨਸ਼ਾ ਛੁਡਾਊ ਕੇਂਦਰ ਨਵਾਂਸ਼ਹਿਰ ਦੇ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਨੇ ਬਜ਼ੁਰਗਾਂ ਨਾਲ ਹੁੰਦੇ ਦੁਰਵਿਹਾਰ ’ਤੇ ਚਿੰਤਾ ਪ੍ਰਗਟ ਕਰਦਿਆਂ ਪਰਿਵਾਰਾਂ ਨੂੰ ਉਨ੍ਹਾਂ ਦੀ ਦੇਖਭਾਲ ਕਰਨ ਅਤੇ ਸਮਾਜ ਵਿੱਚ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦੇਣ ਦੀ ਅਪੀਲ ਕੀਤੀ। ਮੈਂਬਰ ਲਖਵੀਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਅਕਤੂਬਰ ਮਹੀਨੇ ਵਿੱਚ ਜਿਨ੍ਹਾਂ ਮੈਂਬਰਾਂ ਦੇ ਜਨਮਦਿਨ ਜਾਂ ਵਿਆਹ ਦੀ ਵਰ੍ਹੇਗੰਢ ਆਉਂਦੀ ਹੈ, ਉਨ੍ਹਾਂ ਨੂੰ ਫੁੱਲ ਦੇ ਕੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਐਸੋਸੀਏਸ਼ਨ ਦੇ ਸਭ ਤੋਂ ਸੀਨੀਅਰ ਪੰਜ ਮੈਂਬਰਾਂ—ਰਵਿੰਦਰ ਕੁਮਾਰ ਸਰੀਨ, ਦੇਸ ਰਾਜ ਸਿਲਿਆਰਾ, ਬੋਧ ਰਾਜ, ਕੁਲਵੰਤ ਕੌਰ ਅਤੇ ਸਰੋਜ ਪੁਰੀ—ਨੂੰ ਮੁੱਖ ਮਹਿਮਾਨ ਐਸਡੀਐਮ ਅਨਮਯਜੋਤ ਕੌਰ ਵੱਲੋਂ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।

ਮੈਂਬਰ ਕੈਲਾਸ਼ ਬਾਲੀ, ਜੀਵਨ ਪਾਠਕ, ਸੁਭਾਸ਼ ਅਰੋੜਾ ਅਤੇ ਸਰਵਣ ਰਾਮ ਨੇ ਕਵਿਤਾਵਾਂ ਅਤੇ ਧਾਰਮਿਕ ਤੇ ਦੇਸ਼-ਪਿਆਰ ਦੇ ਗੀਤ ਸੁਣਾ ਕੇ ਸਭ ਦਾ ਮਨੋਰੰਜਨ ਕੀਤਾ। ਪ੍ਰਧਾਨਗੀ ਮੰਡਲ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਅੰਤ ਵਿੱਚ ਸੀਨੀਅਰ ਮੀਤ ਪ੍ਰਧਾਨ ਰਾਮਧੰਨ ਚੌਧਰੀ ਨੇ ਸਮਾਗਮ ਵਿੱਚ ਸ਼ਾਮਲ ਹੋਏ ਮਹਿਮਾਨਾਂ, ਐਸੋਸੀਏਸ਼ਨ ਦੇ ਮੈਂਬਰਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਪੱਤਰਕਾਰ ਸਾਥੀਆਂ ਦਾ ਧੰਨਵਾਦ ਕੀਤਾ। ਜਨਰਲ ਸਕੱਤਰ ਸੁਖਦੇਵ ਸ਼ਰਮਾ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।