ਚੰਡੀਗੜ੍ਹ, 15 ਅਕਤੂਬਰ:- ਹਰਿਆਣਾ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਆਰ.) ਨੂੰ ਸਾਫ਼-ਸੁਥਰਾ, ਸੁਰੱਖਿਅਤ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਪਹਿਲਕਦਮੀ ਸ਼ੁਰੂ ਕੀਤੀ ਹੈ।
ਇੱਕ ਸਰਕਾਰੀ ਬੁਲਾਰੇ ਅਨੁਸਾਰ, 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਨੂੰ ਤੁਰੰਤ ਸਕਰੈਪ ਕਰਵਾਉਣ ਦਾ ਸਮਾਂ ਆ ਗਿਆ ਹੈ। ਪੁਰਾਣੇ ਵਾਹਨ ਨਾ ਸਿਰਫ਼ ਵੱਧ ਹਵਾ ਪ੍ਰਦੂਸ਼ਣ ਫੈਲਾਉਂਦੇ ਹਨ, ਸਗੋਂ ਇਨ੍ਹਾਂ ਨੂੰ ਚਲਾਉਣ ’ਤੇ ਵੱਧ ਖਰਚਾ ਆਉਂਦਾ ਹੈ ਅਤੇ ਸੜਕ ਸੁਰੱਖਿਆ ਦੇ ਪੱਖੋਂ ਵੀ ਇਹ ਅਸੁਰੱਖਿਅਤ ਹੁੰਦੇ ਹਨ।
ਸਰਕਾਰ ਨੇ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਫ਼-ਸੁਥਰੇ ਐਨ.ਸੀ.ਆਰ. ਅਤੇ ਹਰਿਆਵਲੇ ਭਵਿੱਖ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ ਲਈ ਆਪਣੇ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਨੂੰ ਨੇੜਲੇ ਰਜਿਸਟਰਡ ਵਾਹਨ ਸਕਰੈਪਿੰਗ ਸਹੂਲਤ ਕੇਂਦਰਾਂ (ਆਰ.ਵੀ.ਐਸ.ਐਫ.) ਵਿੱਚ ਲਿਜਾ ਕੇ ਸਕਰੈਪ ਕਰਵਾਉਣ ਅਤੇ ਨਵੇਂ, ਸਾਫ਼-ਸੁਥਰੇ ਵਾਹਨ ਅਪਣਾਉਣ। ਆਰ.ਵੀ.ਐਸ.ਐਫ. ਕੇਂਦਰਾਂ ਵਿੱਚ ਵਾਹਨਾਂ ਨੂੰ ਸੁਰੱਖਿਅਤ ਢੰਗ ਨਾਲ ਸਕਰੈਪ ਕਰਨ ਦਾ ਪ੍ਰਬੰਧ ਹੈ। ਇਸ ਨਾਲ ਪ੍ਰਦੂਸ਼ਣ ਅਤੇ ਸੜਕ ਹਾਦਸਿਆਂ ਵਿੱਚ ਕਮੀ ਆਵੇਗੀ ਅਤੇ ਵਾਹਨਾਂ ਦੀ ਮੁੜ ਵਰਤੋਂ ਯੋਗ ਸਮੱਗਰੀ ਦੀ ਰੀਸਾਈਕਲਿੰਗ ਵੀ ਸੰਭਵ ਹੋ ਸਕੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਜੇਕਰ ਲੋਕ ਆਪਣੇ ਪੁਰਾਣੇ ਵਾਹਨਾਂ ਨੂੰ ਜਲਦੀ ਤੋਂ ਜਲਦੀ ਆਰ.ਵੀ.ਐਸ.ਐਫ. ਕੇਂਦਰਾਂ ਵਿੱਚ ਲਿਜਾ ਕੇ ਸਕਰੈਪ ਨਹੀਂ ਕਰਵਾਉਂਦੇ, ਤਾਂ ਨਿਯਮਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਸਾਫ਼-ਸੁਥਰੇ ਐਨ.ਸੀ.ਆਰ. ਅਤੇ ਹਰਿਆਵਲੇ ਭਵਿੱਖ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਰਕਾਰ ਨੇ ਨਾਗਰਿਕਾਂ ਨੂੰ ਆਪਣੇ ਪੁਰਾਣੇ ਵਾਹਨ ਜ਼ਿੰਮੇਵਾਰੀ ਨਾਲ ਸਕਰੈਪ ਕਰਵਾਉਣ ਅਤੇ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
