ਪਟਿਆਲਾ (ਕਾਕਾ ਰਾਮ ਵਰਮਾ):- ਰੈੱਡ ਕਰਾਸ ਦੇ ਸੇਵਾਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਸ੍ਰੀ ਕਾਕਾ ਰਾਮ ਵਰਮਾ ਨੇ ਕਿਹਾ ਕਿ ਦੀਵਾਲੀ ਅਤੇ ਹੋਰ ਤਿਉਹਾਰਾਂ ਮੌਕੇ ਦਿਖਾਵਿਆਂ ਦੀ ਥਾਂ ਸੁਰੱਖਿਆ, ਬਚਾਅ ਅਤੇ ਲੋੜਵੰਦਾਂ ਦੀ ਮਦਦ ਲਈ ਯਤਨ ਕਰਨਾ ਵਧੇਰੇ ਲਾਹੇਵੰਦ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪੰਜਾਬ ਵਿੱਚ ਪਟਾਕਿਆਂ ਅਤੇ ਬੰਬਾਂ ਕਾਰਨ 165 ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਅੱਗ, ਬਿਜਲੀ ਅਤੇ ਪੈਟਰੋਲੀਅਮ ਪਦਾਰਥਾਂ ਨਾਲ ਸਬੰਧਤ ਹਾਦਸਿਆਂ ਕਾਰਨ ਹਜ਼ਾਰਾਂ ਦੁਕਾਨਾਂ, ਘਰ ਅਤੇ ਇਮਾਰਤਾਂ ਸੜ ਕੇ ਸੁਆਹ ਹੋ ਗਏ ਸਨ। ਅੱਗ, ਬਿਜਲੀ, ਗੈਸ ਅਤੇ ਆਵਾਜਾਈ ਹਾਦਸਿਆਂ ਕਾਰਨ ਸੈਂਕੜੇ ਲੋਕ ਜ਼ਖ਼ਮੀ ਹੋਏ ਅਤੇ ਅਨੇਕਾਂ ਦੀਆਂ ਜਾਨਾਂ ਵੀ ਗਈਆਂ, ਕਿਉਂਕਿ ਆਪਣੇ ਬਚਾਅ ਲਈ ਲੋੜੀਂਦੇ ਯਤਨ ਨਹੀਂ ਕੀਤੇ ਜਾਂਦੇ।

ਵੀਰ ਹਕੀਕਤ ਰਾਏ ਮਾਡਲ ਸਕੂਲ ਵਿਖੇ ਸ੍ਰੀ ਕਾਕਾ ਰਾਮ ਵਰਮਾ ਨੇ ਐਨਸੀਸੀ ਕੈਡਿਟਾਂ, ਸਕਾਊਟ ਅਤੇ ਗਾਈਡ ਮੈਂਬਰਾਂ ਅਤੇ ਐਨਐਸਐਸ ਵਲੰਟੀਅਰਾਂ ਨੂੰ ਹਾਦਸਿਆਂ ਦੀ ਰੋਕਥਾਮ ਅਤੇ ਪੀੜਤਾਂ ਨੂੰ ਬਚਾਉਣ ਦੇ ਤਰੀਕੇ ਸਿਖਾਏ। ਉਨ੍ਹਾਂ ਸਲਾਹ ਦਿੱਤੀ ਕਿ ਛੱਤਾਂ ’ਤੇ ਪਟਾਕੇ ਅਤੇ ਬੰਬ ਚਲਾਉਣ ਵਾਲੇ ਲੋਕ ਲੰਮੀ ਸੋਟੀ ਦੇ ਅਗਲੇ ਸਿਰੇ ’ਤੇ ਮੋਮਬੱਤੀ ਬੰਨ੍ਹ ਕੇ ਸੁਰੱਖਿਅਤ ਦੂਰੀ ਤੋਂ ਪਟਾਕਿਆਂ ਨੂੰ ਅੱਗ ਲਗਾਉਣ। ਸੜ ਜਾਣ ਦੀ ਸੂਰਤ ਵਿੱਚ ਜ਼ਖ਼ਮ ਵਾਲੀ ਥਾਂ ’ਤੇ 15 ਮਿੰਟ ਤੱਕ ਸਾਫ਼ ਵਗਦਾ ਪਾਣੀ ਪਾਉਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਬੇਹੋਸ਼ੀ, ਸਦਮੇ, ਦਿਲ ਦੇ ਦੌਰੇ ਜਾਂ ਕਾਰਡੀਅਕ ਅਰੈਸਟ ਦੀ ਸਥਿਤੀ ਵਿੱਚ ਪੀੜਤ ਨੂੰ ਰਿਕਵਰੀ ਜਾਂ ਵੈਂਟੀਲੇਟਰ ਪੁਜ਼ੀਸ਼ਨ ਵਿੱਚ ਲਿਟਾ ਕੇ ਮੁੱਢਲੀ ਸਹਾਇਤਾ ਦੇਣੀ ਚਾਹੀਦੀ ਹੈ। ਏਬੀਸੀਡੀ ਪ੍ਰਕਿਰਿਆ ਅਨੁਸਾਰ ਜਾਂਚ ਕਰਨ ਦੇ ਨਾਲ ਲੋੜ ਪੈਣ ’ਤੇ ਸੀਪੀਆਰ ਵੀ ਦੇਣਾ ਚਾਹੀਦਾ ਹੈ। ਉਨ੍ਹਾਂ ਸ਼ੋਰ ਤੋਂ ਬਚਣ ਲਈ ਕੰਨਾਂ ਵਿੱਚ ਰੂੰ ਪਾਉਣ ਅਤੇ ਪ੍ਰਦੂਸ਼ਣ ਤੋਂ ਬਚਾਅ ਲਈ ਨੱਕ ਤੇ ਮੂੰਹ ’ਤੇ ਰੁਮਾਲ ਜਾਂ ਮਾਸਕ ਬੰਨ੍ਹਣ ਦੀ ਸਲਾਹ ਦਿੱਤੀ।

ਉਨ੍ਹਾਂ ਐਮਰਜੈਂਸੀ ਸਹਾਇਤਾ ਲਈ ਮਹੱਤਵਪੂਰਨ ਹੈਲਪਲਾਈਨ ਨੰਬਰਾਂ ਬਾਰੇ ਵੀ ਜਾਣਕਾਰੀ ਦਿੱਤੀ। ਪੁਲਿਸ ਸਹਾਇਤਾ ਲਈ 112/181, ਫਾਇਰ ਬ੍ਰਿਗੇਡ ਲਈ 101, ਐਂਬੂਲੈਂਸ ਲਈ 108, ਗੈਸ ਲੀਕ ਹੋਣ ਦੀ ਸਥਿਤੀ ਵਿੱਚ 1906 ਅਤੇ ਸਾਈਬਰ ਸੁਰੱਖਿਆ ਸਬੰਧੀ ਸ਼ਿਕਾਇਤਾਂ ਲਈ 1930 ਨੰਬਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਸਕੂਲ ਦੇ ਪ੍ਰਧਾਨ ਸ੍ਰੀ ਵਿਪਿਨ ਸ਼ਰਮਾ, ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਅਤੇ ਪ੍ਰੋਗਰਾਮ ਕੋਆਰਡੀਨੇਟਰ ਸਚਨਾ ਸ਼ਰਮਾ ਨੇ ਸ੍ਰੀ ਕਾਕਾ ਰਾਮ ਵਰਮਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਵਰਮਾ ਲਗਾਤਾਰ ਵਿਦਿਆਰਥੀਆਂ, ਅਧਿਆਪਕਾਂ, ਪੁਲਿਸ ਮੁਲਾਜ਼ਮਾਂ ਅਤੇ ਫੈਕਟਰੀ ਕਰਮਚਾਰੀਆਂ ਨੂੰ ਮੁੱਢਲੀ ਸਹਾਇਤਾ, ਸੀਪੀਆਰ, ਅੱਗ ਤੋਂ ਸੁਰੱਖਿਆ, ਆਫ਼ਤ ਪ੍ਰਬੰਧਨ ਅਤੇ ਸਿਹਤ ਸੰਭਾਲ ਬਾਰੇ ਜਾਣਕਾਰੀ ਦੇ ਰਹੇ ਹਨ। ਉਨ੍ਹਾਂ ਦੇ ਯਤਨਾਂ ਸਦਕਾ ਹਾਦਸਿਆਂ ਅਤੇ ਜਾਨੀ-ਮਾਲੀ ਨੁਕਸਾਨ ਨੂੰ ਘਟਾਉਣ ਦੇ ਨਾਲ-ਨਾਲ ਕੀਮਤੀ ਜਾਨਾਂ ਬਚਾਉਣ ਵਿੱਚ ਮਦਦ ਮਿਲਦੀ ਹੈ।