ਨਵਾਂਸ਼ਹਿਰ, 24 ਅਕਤੂਬਰ (ਗੁਰਬਖਸ਼ ਸਿੰਘ ਮਹੇ):- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਗਟ ਸਿੰਘ ਆਪਣੇ ਸਾਥੀਆਂ ਸਮੇਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਧਰਤੀ ਚਰਨਛੋਹ ਗੰਗਾ, ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਯਾਦ ਨੂੰ ਨਮਨ ਕਰਦਿਆਂ ਸਰਬੱਤ ਦੇ ਭਲੇ, ਸਮਾਜਿਕ ਸਾਂਝ ਅਤੇ ਮਨੁੱਖਤਾ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।

ਉਨ੍ਹਾਂ ਆਖਿਆ ਕਿ ਇਹ ਪਵਿੱਤਰ ਅਸਥਾਨ ਗੁਰੂ ਜੀ ਦੀਆਂ ਸਿੱਖਿਆਵਾਂ, ਸਮਾਜਿਕ ਬਰਾਬਰੀ ਅਤੇ ਮਨੁੱਖੀ ਏਕਤਾ ਦੇ ਸੰਦੇਸ਼ ਨੂੰ ਸਮਰਪਿਤ ਹੈ। ਇੱਥੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਗੁਰੂ ਜੀ ਦੇ ਦਿਖਾਏ ਮਾਰਗ ’ਤੇ ਚੱਲਣ ਅਤੇ ਸਮਾਜ ਵਿੱਚ ਆਪਸੀ ਪਿਆਰ ਤੇ ਸਤਿਕਾਰ ਦੀ ਭਾਵਨਾ ਮਜ਼ਬੂਤ ਕਰਨ ਦਾ ਸੰਕਲਪ ਲੈਂਦੀਆਂ ਹਨ।

ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਰਾਹੀਂ ਜਾਤ-ਪਾਤ, ਊਚ-ਨੀਚ ਅਤੇ ਸਮਾਜਿਕ ਵਿਤਕਰਿਆਂ ਤੋਂ ਮੁਕਤ ਸਮਾਜ ਦੀ ਕਲਪਨਾ ਪੇਸ਼ ਕੀਤੀ। ਉਨ੍ਹਾਂ ਦੀਆਂ ਸਿੱਖਿਆਵਾਂ ਮਨੁੱਖ ਨੂੰ ਆਪਸੀ ਭਾਈਚਾਰੇ, ਸੱਚਾਈ, ਨਿਮਰਤਾ ਅਤੇ ਮਿਹਨਤ ਨਾਲ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਸ੍ਰੀ ਚਰਨਛੋਹ ਗੰਗਾ ਵਿਖੇ ਨਤਮਸਤਕ ਹੋਣਾ ਗੁਰੂ ਜੀ ਦੀਆਂ ਸਿੱਖਿਆਵਾਂ ਪ੍ਰਤੀ ਸ਼ਰਧਾ ਅਤੇ ਸਤਿਕਾਰ ਦਾ ਪ੍ਰਤੀਕ ਹੈ।

ਗੁਰੂ ਘਰ ਦੀ ਕਮੇਟੀ ਦੇ ਚੇਅਰਮੈਨ ਸ੍ਰੀ ਨਾਜਰ ਰਾਮ ਮਾਨ ਅਤੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਆਖਿਆ ਕਿ ਇਸ ਪਵਿੱਤਰ ਅਸਥਾਨ ’ਤੇ ਦੇਸ਼-ਵਿਦੇਸ਼ ਤੋਂ ਸੰਗਤਾਂ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਪਹੁੰਚਦੀਆਂ ਹਨ ਅਤੇ ਉਨ੍ਹਾਂ ਦੀ ਬਾਣੀ ਤੋਂ ਜੀਵਨ ਨੂੰ ਸਹੀ ਦਿਸ਼ਾ ਦੇਣ ਦੀ ਪ੍ਰੇਰਨਾ ਲੈਂਦੀਆਂ ਹਨ।

ਪੰਜਾਬ ਦੀ ਧਾਰਮਿਕ ਅਤੇ ਸਮਾਜਿਕ ਵਿਰਾਸਤ ਵਿੱਚ ਸ੍ਰੀ ਖੁਰਾਲਗੜ੍ਹ ਸਾਹਿਬ ਦਾ ਵਿਸ਼ੇਸ਼ ਸਥਾਨ ਹੈ। ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਸਮਾਜ ਵਿੱਚ ਬਰਾਬਰੀ, ਸਨਮਾਨ ਅਤੇ ਭਾਈਚਾਰਕ ਸਾਂਝ ਸਥਾਪਤ ਕਰਨ ਦਾ ਰਾਹ ਦਿਖਾਉਂਦੀ ਹੈ। ਉਨ੍ਹਾਂ ਦਾ ਸੰਦੇਸ਼ ਸਮੁੱਚੀ ਮਨੁੱਖਤਾ ਨੂੰ ਇੱਕਜੁੱਟ ਹੋ ਕੇ ਨਿਆਂਪੂਰਨ ਅਤੇ ਸਦਭਾਵਨਾ ਭਰਿਆ ਸਮਾਜ ਸਿਰਜਣ ਦੀ ਪ੍ਰੇਰਨਾ ਦਿੰਦਾ ਹੈ।

ਇਸ ਮੌਕੇ ’ਤੇ ਗੁਰੂ ਘਰ ਦੀ ਕਮੇਟੀ ਵੱਲੋਂ ਪ੍ਰਧਾਨ ਪ੍ਰਗਟ ਸਿੰਘ ਅਤੇ ਉਨ੍ਹਾਂ ਦੇ ਨਾਲ ਆਏ ਨੁਮਾਇੰਦਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸਾਬਕਾ ਮੈਂਬਰ ਗਿਆਨ ਚੰਦ ਦਿਵਾਲੀ ਯੂਕੇ, ਸੰਤ ਕਰਮ ਚੰਦ, ਬਾਬਾ ਦਿਆਲ ਚੰਦ, ਮਨਜੀਤ ਮੁੱਗੋਵਾਲ, ਸਵਾਗਤੀ ਕਮੇਟੀ ਦੇ ਮੁਖੀ ਸ੍ਰੀ ਜਗਦੀਸ਼ ਕੁਮਾਰ, ਮਨਜੀਤ ਮੁੱਗੋਵਾਲ, ਸੰਤ ਕਰਮ ਚੰਦ, ਪ੍ਰੈੱਸ ਸਕੱਤਰ ਗੁਰਬਖਸ਼ ਸਿੰਘ ਮਹੇ, ਸੁਖਚੈਨ ਸਿੰਘ ਕਾਲਾ ਪੰਜਾਬ ਪ੍ਰਧਾਨ, ਸੰਤ ਗਿਰਧਾਰੀ ਲਾਲ ਮੁੱਖ ਗ੍ਰੰਥੀ, ਸੋਮ ਨਾਥ ਗੰਗੜ, ਤਾਰਾ ਚੰਦ, ਜਰਨੈਲ ਸਿੰਘ ਕੁੱਲੇਵਾਲ, ਹਰਭਜਨ ਬਸੀ, ਮਹਿੰਦਰ ਸਿੰਘ ਬਸੀ, ਰਾਮ ਸਿੰਘ ਖੁਰਾਲੀ, ਦਲਵੀਰ ਰਾਜੂ, ਸੁਰਜੀਤ ਖਾਨਪੁਰੀ, ਬਿਜੇਸ਼ਵਰ ਕੁਮਾਰ, ਨਰਿੰਦਰ ਮਿਸਤਰੀ, ਟਿੰਕੂ ਅਡੋਨ, ਮਹੇਸ਼ ਸੂਦ, ਪੀ. ਐਲ. ਸੂਦ, ਡਾਕਟਰ ਸਤਪਾਲ, ਮਾਸਟਰ ਰਾਮ ਦਾਸ ਸਮੇਤ ਕੁਝ ਹੋਰ ਆਗੂ ਵੀ ਹਾਜ਼ਰ ਸਨ।