ਨਵਾਂਸ਼ਹਿਰ - ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਆਮ ਆਦਮੀ ਪਾਰਟੀ ਅਤੇ ਹੁਸ਼ਿਆਰਪੁਰ ਪ੍ਰਸ਼ਾਸਨ ਦੇ ਦਲਿਤ ਵਿਰੋਧੀ ਰਵੱਈਏ ਖਿਲਾਫ਼ ਅਤੇ ਪਿੰਡ ਟਾਹਲੀ ਥਾਣਾ ਟਾਂਡਾ ਵਿਖੇ ਸਵਾਲ ਕਰਨ ਵਾਲੇ ਦਲਿਤ ਮਜ਼ਦੂਰਾਂ ਨਾਲ ਆਮ ਆਦਮੀ ਪਾਰਟੀ ਦੇ ਟਾਂਡਾ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਉਸਦੇ ਹਮਾਇਤੀਆਂ ਵਲੋਂ ਵਧੀਕੀ ਕਰਨ, ਫ਼ੋਨ ਖੋਹ ਕੇ ਦੌੜਨ ਸੰਬੰਧੀ ਵਿਧਾਇਕ ਤੇ ਉਸਦੇ ਸਾਥੀਆਂ ਵਿਰੁੱਧ ਐੱਸ ਸੀ, ਐੱਸ ਟੀ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਤੇ ਜੇਲ੍ਹ ਡੱਕੇ ਦਲਿਤ ਮਜ਼ਦੂਰ ਆਗੂਆਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਵਾਉਣ ਲਈ 13 ਜੂਨ ਨੂੰ ਐੱਸ ਐੱਸ ਪੀ ਹੁਸ਼ਿਆਰਪੁਰ ਦੇ ਦਫ਼ਤਰ ਅੱਗੇ ਕੀਤੇ ਜਾ ਰਹੇ ਧਰਨਾ ਪ੍ਰਦਰਸ਼ਨ ਵਿਚ ਜਿਲਾ ਨਵਾਂਸ਼ਹਿਰ ਦੇ ਪੇਂਡੂ ਮਜਦੂਰ ਭਰਵੀਂ ਸ਼ਮੂਲੀਅਤ ਕਰਨਗੇ। ਇਸ ਸਬੰਧੀ ਜਿਲਾ ਕਮੇਟੀ ਦੀ ਪੇਂਡੂ ਮਜਦੂਰ ਯੂਨੀਅਨ ਦੀ ਮੀਟਿੰਗ ਯੂਨੀਅਨ ਦੇ ਜਿਲਾ ਆਗੂ ਕਮਲਜੀਤ ਸਨਾਵਾ ਦੀ ਪ੍ਰਧਾਨਗੀ ਹੇਠ ਪਿੰਡ ਸ਼ਹਾਬ ਪੁਰ ਵਿਖੇ ਹਈ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਕਮਲਜੀਤ ਸਨਾਵਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਹਰਾਓ-ਭਾਜਪਾ ਭਜਾਓ, ਹੋਰਨਾਂ ਪਾਰਟੀਆਂ ਨੂੰ ਸਵਾਲ ਕਰੋ ਦੀ ਮੁਹਿੰਮ ਤਹਿਤ  ਆਮ ਆਦਮੀ ਪਾਰਟੀ ਦਾ ਦਲਿਤ ਵਿਰੋਧੀ ਚਿਹਰਾ ਉਸ ਵਕਤ ਨੰਗਾਂ ਹੋਇਆ ਜਦੋਂ ਹਲਕਾ ਟਾਂਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਵਲੋਂ 20 ਮਈ ਨੂੰ ਪਿੰਡ ਟਾਹਲੀ ਵਿਖੇ ਚੋਣ ਪ੍ਰਚਾਰ ਦੌਰਾਨ ਦਲਿਤ ਮਜ਼ਦੂਰਾਂ ਨੇ ਉਸਨੂੰ ਜਦੋਂ ਸਵਾਲ ਕੀਤੇ ਕਿ ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਦੇ ਹੱਕ ਕਿਉਂ ਨਹੀਂ ਦਿੱਤੇ ? ਪਰੋਵੈਨਸ਼ਲ ਗੌਰਮਿੰਟ ਦੀਆਂ ਅਲਾਟ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾ ਕੇ ਦਲਿਤਾਂ ਨੂੰ ਮਾਲਕੀ ਹੱਕ ਕਿਉਂ ਦਿੱਤੇ? ਤਾਂ ਸਵਾਲਾਂ ਦੇ ਦਲੀਲ ਨਾਲ ਜਵਾਬ ਦੇਣ ਦੀ ਥਾਂ ਜਸਵੀਰ ਸਿੰਘ ਰਾਜਾ ਬੁਖਲਾਹਟ ਵਿੱਚ ਆ ਗਿਆ ਅਤੇ ਭਰੀ ਸਭਾ ਵਿੱਚ ਮਜ਼ਦੂਰ ਆਗੂਆਂ ਨੂੰ ਚੈਲੰਜ ਕਰਕੇ ਕਹਿਣ ਲੱਗਾ ਤੁਸੀਂ ਗਲਤ ਸਵਾਲ ਕਰ ਰਹੇ ਹੋ, ਅਸੀਂ ਤਾਂ ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇ ਰਹੇ ਹਾਂ, ਜਾਂ ਤਾਂ ਤੁਹਾਨੂੰ ਇੱਥੋਂ ਮੁਆਫ਼ੀ ਮੰਗ ਕੇ ਜਾਣਾ ਪਵੇਗਾ ਜਾਂ ਫਿਰ ਮੈਂ ਮੁਆਫ਼ੀ ਮੰਗ ਕੇ ਜਾਵਾਂਗਾ। ਐਂਨਾ ਕਹਿ ਕੇ ਆਪਣੇ ਮੋਬਾਇਲ ਫ਼ੋਨ ਦਾ ਸਪੀਕਰ ਔਨ ਕਰਕੇ ਐੱਸ ਡੀ ਐੱਮ ਟਾਂਡਾ ਨਾਲ ਗੱਲ ਕਰਕੇ ਜਦੋਂ ਉਸ ਤੋਂ ਪੁੱਛਿਆ ਕਿ ਆਪਣੇ ਇਲਾਕੇ ਵਿੱਚ ਮਾਲਕੀ ਹੱਕ ਦੇ ਰਹੇ ਜਾਂ ਨਹੀਂ, ਜਦੋਂ ਐੱਸ ਡੀ ਐੱਮ ਨੇ ਦੱਸਿਆ ਕਿ ਟਾਂਡੇ ਇਲਾਕੇ ਅੰਦਰ ਕਿਤੇ ਵੀ ਮਾਲਕੀ ਹੱਕ ਨਹੀਂ ਦਿੱਤਾ ਗਿਆ, ਮੁਕੇਰੀਆਂ ਵਾਲੇ ਪਾਸੇ ਕੰਮ ਚੱਲ ਰਿਹਾ। ਲੋਕਾਂ ਦੇ ਇਕੱਠ ਵਿੱਚ ਭਗਵੰਤ ਮਾਨ ਸਰਕਾਰ ਦੇ ਐੱਮ ਐੱਲ ਏ ਦੇ ਹੰਕਾਰ ਦਾ ਚੁਰਾਹੇ ਚ ਭਾਂਡਾ ਫੁੱਟਣ ਉਪਰੰਤ ਉਸਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਉਸਨੇ ਆਪਣੇ ਘੁਮੰਡ ਅਤੇ ਦਲਿਤਾਂ ਨੂੰ ਜਾਤੀ ਨੀਵਾਂ ਦਿਖਾਉਣ ਖਾਤਰ ਉਲ਼ਟ ਉਹਨਾਂ ਨਾਲ ਵਧੀਕੀ ਕੀਤੀ ਅਤੇ ਸਾਰੇ ਘਟਨਾਕ੍ਰਮ ਦੀ ਵੀਡੀਓ ਬਣਾ ਰਹੇ ਦਲਿਤ ਮਜ਼ਦੂਰ ਤੋਂ ਉਸਦਾ ਮੋਬਾਇਲ ਫ਼ੋਨ ਖੋਹ ਕੇ ਹਮਾਇਤੀਆਂ ਸਮੇਤ ਰਾਜਾ ਮੌਕੇ ਤੋਂ ਦੋੜ ਗਿਆ। ਉਪਰੰਤ ਆਪਣੇ ਸੱਤਾ ਦੇ ਨਸ਼ੇ ਦੀ ਦੁਰਵਰਤੋਂ ਕਰਕੇ ਐੱਸ ਐੱਸ ਪੀ ਹੁਸ਼ਿਆਰਪੁਰ ਨਾਲ ਮਿਲ ਕੇ ਪੀੜ੍ਹਤ ਦਲਿਤ ਮਜ਼ਦੂਰਾਂ ਨੂੰ ਆਗੂ ਰਹਿਤ ਕਰਨ ਲਈ ਮਨਘੜ੍ਹਤ ਫ਼ਿਲਮੀ ਕਹਾਣੀ ਬਣਾ ਕੇ ਝੂਠਾ ਕੇਸ ਪਾ ਕੇ ਤਿੰਨ ਮਜ਼ਦੂਰ ਆਗੂ ਨਾਵਲ ਗਿੱਲ ਟਾਹਲੀ, ਬੁੱਧ ਰਾਜ ਅਤੇ ਧਰਮਿੰਦਰ ਨੂੰ ਜੇਲ੍ਹ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਹੁਸ਼ਿਆਰਪੁਰ ਪ੍ਰਸ਼ਾਸਨ ਦਲਿਤ ਮਜ਼ਦੂਰਾਂ ਦੀ ਆਵਾਜ਼ ਨੂੰ ਕੁਚਲਣ ਦਾ ਭਰਮ ਭੁਲੇਖਾ ਨਹੀਂ ਪਾਲਣਾ ਚਾਹੀਦਾ। ਇਸ ਵਹਿਮ ਚੋਂ ਪ੍ਰਸ਼ਾਸਨ ਨੂੰ ਬਾਹਰ ਆ ਕੇ ਜੇਲ੍ਹ ਡੱਕੇ ਮਜ਼ਦੂਰ ਆਗੂਆਂ ਨੂੰ ਤੁਰੰਤ ਰਿਹਾਅ ਕਰੇ ਅਤੇ ਹਲਕਾ ਵਿਧਾਇਕ ਤੇ ਉਸਦੇ ਸਮਰੱਥਕਾਂ ਖਿਲਾਫ਼ ਐੱਸ ਸੀ ਐੱਸ ਟੀ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ। ਇਸ ਮੌਕੇ ਸੁਰਿੰਦਰ ਮੀਰਪੁਰੀ, ਕਿਰਨਜੀਤ ਕੌਰ ,ਪ੍ਰੇਮ ਸਿੰਘ ਸ਼ਹਾਬ ਪੁਰ, ਲਾਡੀ ਕੋਟ ਰਾਂਝਾ, ਗੁਰਦਿਆਲ ਰੱਕੜ, ਬਗੀਚਾ ਸਿੰਘ ਸਹੂੰਗੜਾ ਜਿਲ੍ਹਾ ਆਗੂ ਮੌਜੂਦ ਸਨ।