ਅੰਬਾਲਾ, 24 ਅਕਤੂਬਰ (ਆਰ. ਸਿੰਘ):- ਦੂਰਸੰਚਾਰ ਵਿਭਾਗ ਵਿੱਚ ਡਿਪਟੀ ਜਨਰਲ ਮੈਨੇਜਰ ਦੇ ਅਹੁਦੇ ਤੋਂ ਸੇਵਾਮੁਕਤ, ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਅਤੇ ਰੋਟਰੀ ਦੇ ਸਾਬਕਾ ਸਹਾਇਕ ਗਵਰਨਰ ਰੋਟੇਰੀਅਨ ਧਰਮਪਾਲ ਗੁਲ੍ਹਾਟੀ ਨੂੰ ਉਨ੍ਹਾਂ ਦੇ 75ਵੇਂ ਜਨਮ ਦਿਨ ਮੌਕੇ ਬੀਐਸਐਨਐਲ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਬੀਐਸਐਨਐਲ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਹਰਿਆਣਾ ਦੂਰਸੰਚਾਰ ਵਿਭਾਗ ਦੀ ਕੰਟਰੋਲਰ ਆਫ਼ ਕਮਿਊਨੀਕੇਸ਼ਨ ਅਕਾਊਂਟਸ ਸ੍ਰੀਮਤੀ ਸ਼ਿਲਪੀ ਸਿਨਹਾ ਵੱਲੋਂ ਪ੍ਰਦਾਨ ਕੀਤਾ ਗਿਆ।
ਸਨਮਾਨ ਪ੍ਰਾਪਤ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਡੀ.ਪੀ. ਗੁਲ੍ਹਾਟੀ ਨੇ ਕਿਹਾ ਕਿ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਮਿਲੀ ਸ਼ਲਾਘਾ ਅਤੇ ਸਨਮਾਨ ਪ੍ਰਾਪਤ ਕਰਕੇ ਉਹ ਬਹੁਤ ਮਾਣ ਅਤੇ ਨਿਮਰਤਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਇਸ ਸਨਮਾਨ ਲਈ ਮੁੱਖ ਮਹਿਮਾਨ ਸ੍ਰੀਮਤੀ ਸ਼ਿਲਪੀ ਸਿਨਹਾ, ਸਰਪ੍ਰਸਤ ਪ੍ਰਾਣ ਨਾਥ ਸ਼ਰਮਾ, ਪ੍ਰਧਾਨ ਸੁਭਾਸ਼ ਚੰਦਰ ਲਾਂਬਾ, ਜਨਰਲ ਸਕੱਤਰ ਦਿਨੇਸ਼ ਬਹਿਲ, ਸਰਪ੍ਰਸਤ ਰਾਜਿੰਦਰ ਸਿੰਘ ਨੇਗੀ ਅਤੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਮੇਰੇ ਇਸ ਪਲੈਟੀਨਮ ਜਨਮ ਦਿਨ ’ਤੇ ਸਾਥੀਆਂ ਅਤੇ ਦੋਸਤਾਂ ਵੱਲੋਂ ਮਿਲਿਆ ਹੌਸਲਾ ਅਤੇ ਅਸੀਸਾਂ ਮੈਨੂੰ ਸਮਾਜ ਵਿੱਚ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਯੋਗਦਾਨ ਪਾਉਂਦੇ ਰਹਿਣ ਲਈ ਪ੍ਰੇਰਿਤ ਕਰਦੀਆਂ ਹਨ।”
