ਹੁਸ਼ਿਆਰਪੁਰ/ਦਲਜੀਤ ਅਜਨੋਹਾ:- ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਊਨ ਵਿੱਚ ਬਾਲੀ ਹਸਪਤਾਲ ਦੇ ਨੇੜੇ ਇਨ੍ਹੀਂ ਦਿਨੀਂ ਲੋਕ ਸੀਵਰੇਜ ਜਾਮ ਦੀ ਸਮੱਸਿਆ ਤੋਂ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ। ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਸਮੱਸਿਆ ਨੂੰ ਠੀਕ ਕਰਵਾਉਣਾ ਜ਼ਰੂਰੀ ਨਹੀਂ ਸਮਝਿਆ ਜਾ ਰਿਹਾ।
ਇਸ ਮੌਕੇ ਡਾ. ਜਮੀਲ ਬਾਲੀ, ਰਮਨੀਤ ਵਾਲੀਆ ਗੁੱਲੂ, ਐਡਵੋਕੇਟ ਰਾਜੇਸ਼ ਓਹਰੀ, ਡਾ. ਰਾਜੇਸ਼ ਸ਼ਰਮਾ, ਅਸ਼ਵਨੀ ਸ਼ਰਮਾ, ਅਮਿਤ ਸ਼ਰਮਾ, ਸੱਨੀ, ਸ਼ਿਆਮ ਸੁੰਦਰ, ਸਲੀਮ ਆਦਿ ਨੇ ਦੱਸਿਆ ਕਿ ਸੀਵਰੇਜ ਜਾਮ ਦੀ ਸਮੱਸਿਆ ਕਾਰਨ ਗੰਦੇ ਪਾਣੀ ਵਿੱਚੋਂ ਆਉਂਦੀ ਬਦਬੂ ਅਤੇ ਪੈਦਾ ਹੋ ਰਹੀਆਂ ਮੱਖੀਆਂ-ਮੱਛਰਾਂ ਕਾਰਨ ਜਿਊਣਾ ਦੁੱਭਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਇੱਕ ਵਾਰ ਸਮੱਸਿਆ ਨੂੰ ਠੀਕ ਵੀ ਕਰਕੇ ਗਏ ਸਨ, ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ।
ਉਨ੍ਹਾਂ ਕਿਹਾ ਕਿ ਬਦਬੂ ਕਾਰਨ ਸਾਹ ਲੈਣਾ ਵੀ ਮੁਸ਼ਕਲ ਹੈ ਅਤੇ ਬਿਮਾਰੀਆਂ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਨਗਰ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਇਸ ਸਮੱਸਿਆ ਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ।
