ਪਟਿਆਲਾ, 05 ਸਤੰਬਰ:- ਬਡੁੰਗਰ ਖਾਲਸਾ ਕਾਲਜ ਰੋਡ ਤੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿਖੇ ਮੰਦਰ ਸੇਵਾ ਕਾਰਜਾਂ ਨੂੰ ਸਮਰਪਿਤ ਪ੍ਰਾਚੀਨ ਮਨੋਕਾਮਨਾ ਸਿੱਧ ਸ਼ਿਵ ਮੰਦਰ ਕਮੇਟੀ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਇੱਕ ਧਾਰਮਿਕ ਸੰਗੀਤਮਈ ਸਮਾਰੋਹ ਦਾ ਆਯੋਜਨ ਪ੍ਰਧਾਨ ਗੰਗਾ ਬਿਸ਼ਨ ਅਤੇ ਸ੍ਰੀ ਰਾਜੀਵ ਕਪੂਰ ਦੀ ਅਗਵਾਈ ਹੇਠ ਸ਼ਰਧਾ ਤੇ ਉਤਸਾਹ ਨਾਲ ਕਰਵਾਇਆ ਗਿਆ। ਜਿਸ ਦੌਰਾਨ ਬਹੁ ਗਿਣਤੀ ਵਿਚ ਇਲਾਕੇ ਦੇ ਸਮੁਹ ਸ਼ਰਧਾਲੂਆਂ ਵੱਲੋਂ ਹਾਜਰੀ ਲਗਵਾਈ ਗਈ। ਮਹਿਲਾ ਸ਼ਰਧਾਲੂਆਂ ਦੀ ਸੰਗੀਤ ਮੰਡਲੀ ਵੱਲੋਂ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਸਬੰਧੀ ਭਜਨ ਅਤੇ ਧਾਰਮਿਕ ਪੇਸ਼ਕਾਰੀਆਂ ਕੀਤੀਆਂ ਗਈਆਂ।
ਇਸ ਮੌਕੇ ਤੇ ਪ੍ਰਧਾਨ ਗੰਗਾ ਬਿਸ਼ਨ ਤੇ ਰਾਜੀਵ ਕਪੂਰ ਨੇ ਸ਼ਰਧਾਲੂਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ੍ਰੀ ਕ੍ਰਿਸ਼ਨ ਜੀ ਦਾ ਜੀਵਨ ਸਾਨੂੰ ਪ੍ਰੇਮ, ਦਇਆ ਅਤੇ ਸੱਚ ਦੇ ਮਾਰਗ ਤੇ ਚੱਲਣਾ ਸਿਖਾਉਂਦਾ ਹੈ। ਉਨ੍ਹਾਂ ਨੇ ਮਹਾਭਾਰਤ ਯੁੱਧ ਦੌਰਾਨ ਅਰਜੁਨ ਨੂੰ ਭਗਵਤ ਗੀਤਾ ਦਾ ਉਪਦੇਸ਼ ਦਿੱਤਾ ਜੋ ਕਿ ਮਨੁੱਖਤਾ ਲਈ ਜਿਉਣ ਦਾ ਸਹੀ ਰਸਤਾ ਹੈ।
ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀਆਂ ਸਿੱਖਿਆਵਾਂ ਸਿਖਾਉਂਦੀਆਂ ਹਨ ਕਿ ਮੁਸ਼ਕਿਲ ਸਥਿਤੀ ਦਾ ਸਾਹਮਣਾ ਕਿਵੇਂ ਕਰਨਾ ਹੈ। ਕੰਸ ਦੇ ਅਤਿਆਚਾਰਾਂ ਵਿਰੁੱਧ ਉਨ੍ਹਾਂ ਦਾ ਸੰਘਰਸ਼ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਸੱਚਾਈ ਤੇ ਖੜੇ ਰਹਿ ਕੇ ਧਰਮ ਦੀ ਰੱਖਿਆ ਕਿਵੇਂ ਕੀਤੀ ਜਾ ਸਕਦੀ ਹੈ। ਇਸ ਲਈ ਸਾਨੂੰ ਉਨ੍ਹਾਂ ਦੀਆਂ ਸਿੱਖਿਆਵਾਂ, ਪ੍ਰੇਰਨਾਵਾਂ ਨੂੰ ਆਪਣੇ ਜੀਵਨ ਤੇ ਲਾਗੂ ਕਰਨਾ ਚਾਹੀਦਾ ਹੈ।