ਮਾਹਿਲਪੁਰ, 5 ਜੂਨ- ਡੇਰਾ ਰਤਨਪੁਰੀ ਪਿੰਡ ਜੇਜੋ ਦੋਆਬਾ ਵਿਖੇ ਧੰਨ- ਧੰਨ 108 ਸੰਤ ਰਤਨ ਦਾਸ ਮਹਾਰਾਜ ਜੀ ਦੀ 42ਵੀਂ ਸਾਲਾਨਾ ਬਰਸੀ ਡੇਰਾ ਸੰਚਾਲਕ ਸੰਤ ਬੀਬੀ ਮੀਨਾ ਦੇਵੀ ਜੀ ਅਤੇ ਗੱਦੀਨਸ਼ੀਨ ਸੰਤ ਬਾਬਾ ਅਮਨਦੀਪ ਜੀ ਵਲੋਂ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 8 ਜੂਨ ਦਿਨ ਐਤਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬੀਬੀ ਮੀਨਾ ਦੇਵੀ ਜੀ ਨੇ ਦੱਸਿਆ ਕਿ ਇਸ ਸਮਾਗਮ ਨੂੰ ਮੁੱਖ ਰੱਖਦੇ ਹੋਏ 25 ਮਈ ਤੋਂ ਡੇਰੇ ਵਿਖੇ ਸ੍ਰੀ ਅਖੰਡ ਪਾਠਾ ਦੀ ਲੜੀ ਚੱਲ ਰਹੀ ਹੈ। 6 ਜੂਨ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ। 
8 ਜੂਨ ਨੂੰ ਪਾਠ ਦੇ ਭੋਗ ਤੋਂ ਬਾਅਦ  ਧਾਰਮਿਕ ਦੀਵਾਨ ਸਜਣਗੇ, ਜਿਸ ਵਿੱਚ ਮਸ਼ਹੂਰ ਰਾਗੀ- ਢਾਡੀ ਅਤੇ ਕੀਰਤਨੀ ਜਥੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਉਸ ਸਰਬ ਸ਼ਕਤੀਮਾਨ ਪਰਮਾਤਮਾ ਦੇ ਚਰਨਾਂ ਨਾਲ ਜੋੜਨਗੇ, ਜੋ ਇਸ ਬ੍ਰਹਿਮੰਡ ਦੇ ਕਣ - ਕਣ ਵਿੱਚ ਮੌਜੂਦ ਹੋ ਕੇ ਸਭਨਾ ਜੀਵਾਂ ਦੀ ਪ੍ਰਤਿਪਾਲਣਾ ਕਰ ਰਿਹਾ ਹੈ। ਇਸ ਮੌਕੇ ਸਮਾਗਮ ਵਿੱਚ ਸ਼ਾਮਿਲ ਸੰਤ ਮਹਾਂਪੁਰਸ਼ ਆਪੋ ਆਪਣੇ ਪ੍ਰਵਚਨਾਂ ਰਾਹੀਂ ਧੰਨ- ਧੰਨ ਸੁਆਮੀ ਰਤਨ ਦਾਸ ਮਹਾਰਾਜ ਜੀ ਅਤੇ ਉਨਾਂ ਤੋਂ ਬਾਅਦ ਇਸ ਡੇਰੇ ਦੀ ਸੇਵਾ ਨਿਭਾਉਂਦੇ ਰਹੇ ਧੰਨ- ਧੰਨ ਸੁਆਮੀ ਹਰਚਰਨ ਦਾਸ ਮਹਾਰਾਜ ਜੀ ਦੇ ਪਰਉਪਕਾਰੀ ਕਾਰਜਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਗੇ। 
ਇਸ ਮੌਕੇ ਸਿੱਧ ਯੋਗੀ ਟਰੱਸਟ ਪਿੰਡ ਖਾਨਪੁਰ ਵੱਲੋਂ ਡਾਕਟਰ ਜਸਵੰਤ ਸਿੰਘ ਥਿੰਦ ਐਸ.ਐਮ.ਓ. ਸਿਵਿਲ ਹਸਪਤਾਲ ਮਾਹਿਲਪੁਰ ਦੇ ਭਰਪੂਰ ਸਹਿਯੋਗ ਸਦਕਾ ਡਾਕਟਰ ਪ੍ਰਭ ਹੀਰ ਅਤੇ ਇਹਨਾਂ ਦੀ ਸਮੁੱਚੀ ਟੀਮ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਲੰਗਰ ਅਤੁਟ ਚੱਲਣਗੇ। ਸੰਤ ਬੀਬੀ ਮੀਨਾ ਦੇਵੀ ਜੀ ਅਤੇ ਸੰਤ ਅਮਨਦੀਪ ਜੀ ਨੇ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ।