ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦੀ ਤਿਮਾਹੀ ਮੀਟਿੰਗ ਅੱਜ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਜਿੰਦਰ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 1 ਜੁਲਾਈ ਤੋਂ 30 ਸਤੰਬਰ ਤੱਕ ਅਥਾਰਟੀ ਵੱਲੋਂ ਦਿੱਤੀ ਗਈ ਮੁਫ਼ਤ ਕਾਨੂੰਨੀ ਸਹਾਇਤਾ, ਕਾਨੂੰਨੀ ਸਲਾਹ, ਕਾਨੂੰਨੀ ਜਾਗਰੂਕਤਾ ਸੈਮੀਨਾਰਾਂ, ਵਿਚੋਲਗੀ ਅਤੇ ਸੁਲ੍ਹਾ ਕੇਂਦਰ ਵਿੱਚ ਕੇਸਾਂ ਦੇ ਨਿਪਟਾਰੇ ਅਤੇ ਲੋਕ ਅਦਾਲਤਾਂ ਦੇ ਕੰਮਕਾਜ ਦੀ ਸਮੀਖਿਆ ਕੀਤੀ ਗਈ।

ਮੀਟਿੰਗ ਵਿੱਚ ਦੱਸਿਆ ਗਿਆ ਕਿ ਇਸ ਤਿਮਾਹੀ ਦੌਰਾਨ ਹੁਸ਼ਿਆਰਪੁਰ ਵਿੱਚ ਪੈਨਲ ਵਕੀਲਾਂ, ਡਿਫੈਂਸ ਕੌਂਸਲ ਅਤੇ ਪ੍ਰੋ ਬੋਨੋ ਵਕੀਲਾਂ ਰਾਹੀਂ ਕੁੱਲ 167 ਵਿਅਕਤੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਗਈ। ਇਨ੍ਹਾਂ ਵਿੱਚੋਂ 70 ਵਿਅਕਤੀਆਂ ਨੂੰ ਪੈਨਲ ਵਕੀਲਾਂ ਰਾਹੀਂ ਅਤੇ 97 ਵਿਅਕਤੀਆਂ ਨੂੰ ਡਿਫੈਂਸ ਕੌਂਸਲ/ਪ੍ਰੋ ਬੋਨੋ ਵਕੀਲਾਂ ਰਾਹੀਂ ਕਾਨੂੰਨੀ ਸਹਾਇਤਾ ਮਿਲੀ। ਇਸ ਤੋਂ ਇਲਾਵਾ, 97 ਵਿਅਕਤੀਆਂ ਨੂੰ ਕਾਨੂੰਨੀ ਸਲਾਹ ਦਿੱਤੀ ਗਈ ਅਤੇ ਆਮ ਲੋਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਤੇ ਉਪਲਬਧ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕ ਕਰਨ ਲਈ 182 ਸੈਮੀਨਾਰ ਕਰਵਾਏ ਗਏ।

ਇਹ ਵੀ ਦੱਸਿਆ ਗਿਆ ਕਿ ਤਿਮਾਹੀ ਦੌਰਾਨ ਵਿਚੋਲਗੀ ਅਤੇ ਸੁਲ੍ਹਾ ਕੇਂਦਰ ਵਿੱਚ 33 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਪੀੜਤ ਮੁਆਵਜ਼ਾ ਯੋਜਨਾ ਤਹਿਤ 6 ਕੇਸਾਂ ਦਾ ਨਿਪਟਾਰਾ ਕਰਦਿਆਂ ਕੁੱਲ 20,50,000 ਰੁਪਏ ਦੇ ਮੁਆਵਜ਼ਾ ਐਵਾਰਡ ਜਾਰੀ ਕੀਤੇ ਗਏ। ਇਸ ਤੋਂ ਇਲਾਵਾ, ਕੈਂਪ ਕੋਰਟ ਰਾਹੀਂ 10 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਜਾਂ ਸਬੰਧਤ ਵਿਅਕਤੀਆਂ ਨੂੰ ਰਿਹਾਅ ਕੀਤਾ ਗਿਆ।

18 ਜੁਲਾਈ 2026 ਨੂੰ ਲਗਾਈ ਗਈ ਵਿਸ਼ੇਸ਼ ਲੋਕ ਅਦਾਲਤ ਦੌਰਾਨ ਕੁੱਲ 400 ਕੇਸ ਰੱਖੇ ਗਏ, ਜਿਨ੍ਹਾਂ ਵਿੱਚੋਂ 76 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਨ੍ਹਾਂ ਕੇਸਾਂ ਵਿੱਚ ਕੁੱਲ 2,08,45,830 ਰੁਪਏ ਦੀ ਰਕਮ ਦਾ ਸਮਝੌਤਾ ਹੋਇਆ।

ਆਉਣ ਵਾਲੀਆਂ ਲੋਕ ਅਦਾਲਤਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਦੱਸਿਆ ਕਿ ਚੈੱਕ ਬਾਊਂਸ ਨਾਲ ਸਬੰਧਤ ਕੇਸਾਂ ਦੇ ਨਿਪਟਾਰੇ ਲਈ 21 ਨਵੰਬਰ 2026 ਨੂੰ ਵਿਸ਼ੇਸ਼ ਲੋਕ ਅਦਾਲਤ ਲਗਾਈ ਜਾਵੇਗੀ। ਇਸ ਤੋਂ ਬਾਅਦ 12 ਦਸੰਬਰ 2026 ਨੂੰ ਕੌਮੀ ਲੋਕ ਅਦਾਲਤ ਲਗਾਈ ਜਾਵੇਗੀ। ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਸੀ ਸਹਿਮਤੀ ਰਾਹੀਂ ਆਪਣੇ ਵਿਵਾਦਾਂ ਦਾ ਜਲਦੀ ਅਤੇ ਘੱਟ ਖਰਚੇ ’ਤੇ ਨਿਪਟਾਰਾ ਕਰਵਾਉਣ ਲਈ ਲੋਕ ਅਦਾਲਤਾਂ ਦਾ ਲਾਭ ਲੈਣ।

ਮੀਟਿੰਗ ਵਿੱਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਮੋਹਨ ਸਿੰਘ, ਸੀਜੇਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੀਰਜ ਗੋਇਲ, ਸੀਜੇਐਮ ਅਜੈਪਾਲ ਸਿੰਘ, ਸਹਾਇਕ ਕਮਿਸ਼ਨਰ ਗੁਰਪ੍ਰੀਤ ਕੌਰ, ਜੇਲ੍ਹ ਸੁਪਰਡੈਂਟ ਹਰਚਰਨ ਸਿੰਘ ਗਿੱਲ, ਡਿਪਟੀ ਅਟਾਰਨੀ ਜਨਰਲ ਪਵਨਪ੍ਰੀਤ ਸਿੰਘ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਕੱਤਰ ਪੀ.ਐਸ. ਕੰਗ, ਦਰਸ਼ਨ ਕੌਸ਼ਲ ਅਤੇ ਸਹਾਇਕ ਲੋਕ ਸੰਪਰਕ ਅਧਿਕਾਰੀ ਲੋਕੇਸ਼ ਕੁਮਾਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।