ਹੁਸ਼ਿਆਰਪੁਰ- ਪੰਜਾਬ ਦੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰਾਟੇ ਰੈਫਰੀ ਅਤੇ ਕੋਚ ਸੈਂਸਈ ਜਗਮੋਹਨ ਵਿਜ ਨੇ ਇੱਕ ਵਾਰ ਫਿਰ ਭਾਰਤ ਦਾ ਨਾਮ ਕੌਮਾਂਤਰੀ ਪੱਧਰ ‘ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਵਰਲਡ ਕਰਾਟੇ ਫੈਡਰੇਸ਼ਨ (ਡਬਲਯੂ.ਕੇ.ਐਫ.) ਵੱਲੋਂ ਆਯੋਜਿਤ ਰੈਫਰੀ ‘A’ ਏ ਦੀ ਪ੍ਰੀਖਿਆ ਪੈਰਿਸ (ਫਰਾਂਸ) ਵਿੱਚ 2025 ਵਰਲਡ ਕਰਾਟੇ ਚੈਂਪੀਅਨਸ਼ਿਪ ਕਵਾਲੀਫਾਇੰਗ ਇਵੈਂਟ ਤੋਂ ਪਹਿਲਾਂ ਹੋਏ ਰੈਫਰੀ ਕੋਰਸ ਦੌਰਾਨ ਸਫਲਤਾਪੂਰਵਕ ਪਾਸ ਕੀਤੀ।
ਗੌਰ ਕਰਨਯੋਗ ਹੈ ਕਿ ਜਗਮੋਹਨ ਵਿਜ ਉੱਤਰੀ ਅਤੇ ਮੱਧ ਭਾਰਤ ਤੋਂ ਇਸ ਸਭ ਤੋਂ ਉੱਚੀ ਅੰਤਰਰਾਸ਼ਟਰੀ ਰੈਫਰੀ ਯੋਗਤਾ ਪ੍ਰਾਪਤ ਕਰਨ ਵਾਲੇ ਪਹਿਲੇ ਪੰਜਾਬੀ ਕਰਾਟੇ ਰੈਫਰੀ ਹਨ।
ਚਾਰ ਦਿਨਾਂ ਤੱਕ ਚੱਲੀ ਇਹ ਪ੍ਰੀਖਿਆ ਵਰਲਡ ਕਰਾਟੇ ਫੈਡਰੇਸ਼ਨ ਦੀ ਸਭ ਤੋਂ ਮੁਸ਼ਕਲ ਪ੍ਰੀਖਿਆਵਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਇਹ ਪ੍ਰੀਖਿਆ ਵਰਲਡ ਕਰਾਟੇ ਫੈਡਰੇਸ਼ਨ ਦੇ ਰੈਫਰੀ ਕਮਿਸ਼ਨ ਦੇ ਚੇਅਰਮੈਨ ਜੇਵਿਯਰ ਐਸਕਲਾਂਤੇ (ਸਵੀਡਨ) ਅਤੇ ਸਕੱਤਰ ਈਵਾ ਮੋਨਾ ਆਲਟਮੈਨ (ਜਰਮਨੀ) ਦੀ ਅਗਵਾਈ ਹੇਠ 8 ਮੈਂਬਰੀ ਏਗਜ਼ਾਮੀਨੇਸ਼ਨ ਪੈਨਲ ਵੱਲੋਂ ਕਰਾਈ ਗਈ।
ਇਸ ਪੈਨਲ ਵਿੱਚ ਮੰਸੂਰ ਅਲ ਸੁਲਤਾਨ (ਕੁਵੈਤ), ਫਰੀਬਾ ਮਦਾਨੀ (ਅਮਰੀਕਾ), ਗੀਦੋ ਅਬਦਾਲਾ (ਗੁਆਟੇਮਾਲਾ), ਲੈਲਵਿਨ ਰੋਡਾ (ਦੱਖਣੀ ਅਫਰੀਕਾ), ਯਾਸੁਹਿੰਸਾ ਆਬੇ (ਜਾਪਾਨ), ਮਾਂ ਜੂਨਟਿੰਗ (ਚੀਨ), ਜਾਬਰ (ਸੰਯੁਕਤ ਅਰਬ ਅਮੀਰਾਤ) ਅਤੇ ਤੁਰਕੀ ਦੀ ਪੀਨਾਰ ਗੁਜ਼ੈਲ ਸ਼ਾਮਲ ਸਨ, ਜਿਨ੍ਹਾਂ ਨੇ ਦੁਨੀਆਂ ਭਰ ਦੇ 142 ਦੇਸ਼ਾਂ ਤੋਂ ਆਏ ਰੈਫਰੀਜ਼ ਦੀ ਕਾਬਲੀਅਤ ਦੀ ਜਾਂਚ ਕੀਤੀ।
ਰੈਫਰੀ ਕੋਰਸ ਦੌਰਾਨ ਭਾਗ ਲੈਣ ਵਾਲੇ ਰੈਫਰੀਆਂ ਨੂੰ ਥਿਊਰੀ ਅਤੇ ਪ੍ਰੈਕਟੀਕਲ ਦੋਵੇਂ ਪ੍ਰੀਖਿਆਵਾਂ ਦੇਣੀਆਂ ਹੁੰਦੀਆ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੀ ਰੈਫਰੀ, ਜੱਜ ਅਤੇ ਮੈਚ ਸੁਪਰਵਾਈਜ਼ਰ ਵਜੋਂ ਪ੍ਰਦਰਸ਼ਨ ਦੀ ਪੜਤਾਲ ਕੀਤੀ ਗਈ। ਸੈਂਸਈ ਵਿਜ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਡਬਲਯੂ ਕੇ ਐਫ ਕੁਮਿਤੇ ਰੈਫਰੀ ‘A’ ਲਾਇਸੈਂਸ ਦਿਵਾਇਆ — ਜੋ ਉਨ੍ਹਾਂ ਦੀ ਡੂੰਘੀ ਸਮਝ, ਨਿਰੰਤਰਤਾ ਅਤੇ ਦਬਾਅ ਹੇਠ ਸਹੀ ਫ਼ੈਸਲਾ ਲੈਣ ਦੀ ਸਮਰੱਥਾ ਦਾ ਪ੍ਰਮਾਣ ਹੈ।
ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਸੈਂਸਈ ਜਗਮੋਹਨ ਵਿਜ ਨੂੰ ਵਰਲਡ ਕਰਾਟੇ ਚੈਂਪੀਅਨਸ਼ਿਪ 2025 ਵਿੱਚ ਵੀਡੀਓ ਰਿਵਿਊ ਸੁਪਰਵਾਈਜ਼ਰ, ਮੈਚ ਸੁਪਰਵਾਈਜ਼ਰ, ਜੱਜ ਅਤੇ ਰੈਫਰੀ ਵਜੋਂ ਭਾਰਤ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ। ਸੈਂਸਈ ਵਿਜ 2021 ਤੋਂ ਲਗਾਤਾਰ ਵਰਲਡ ਕਰਾਟੇ ਫੈਡਰੇਸ਼ਨ ਦੇ ਰੈਫਰੀ ਕੋਰਸ ਵਿੱਚ ਭਾਗ ਲੈ ਰਹੇ ਹਨ ਅਤੇ ਹੁਣ ਤੱਕ ਤਿੰਨ ਵਰਲਡ ਕਰਾਟੇ ਚੈਂਪੀਅਨਸ਼ਿਪ — ਕੋਨਿਆ (ਤੁਰਕੀ), ਜੈਸੋਲੋ, ਵੇਨਿਸ (ਇਟਲੀ) ਅਤੇ ਪੈਰਿਸ (ਫਰਾਂਸ) — ਵਿੱਚ ਰੈਫਰੀ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਦੀ ਨਿਰਪੱਖਤਾ, ਅਨੁਸ਼ਾਸਨ ਅਤੇ ਇਮਾਨਦਾਰੀ ਲਈ ਉਹ ਅੰਤਰਰਾਸ਼ਟਰੀ ਕਰਾਟੇ ਭਾਈਚਾਰੇ ਵਿੱਚ ਬਹੁਤ ਆਦਰਿਤ ਹਨ।
ਉਨ੍ਹਾਂ ਦੀ ਇਸ ਪ੍ਰਾਪਤੀ ‘ਤੇ ਕਰਾਟੇ ਇੰਡੀਆ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਹੰਸ਼ੀ ਭਾਰਤ ਸ਼ਰਮਾ, ਸੈਂਸਈ ਸ਼ਾਹੀਨ ਅਖ਼ਤਰ (ਚੇਅਰਪਰਸਨ, ਸਾਊਥ ਏਸ਼ੀਅਨ ਕਰਾਟੇ ਫੈਡਰੇਸ਼ਨ ਰੈਫਰੀ ਕਮਿਸ਼ਨ), ਸੈਂਸਈ ਪ੍ਰੇਮਜੀਤ ਸੇਨ (ਚੇਅਰਮੈਨ, ਕੀਓ ਰੈਫਰੀ ਕਮਿਸ਼ਨ), ਅਤੇ ਸੀਨੀਅਰ ਰੈਫਰੀਜ਼ ਸੈਂਸਈ ਪਰਮਜੀਤ ਸਿੰਘ, ਸੈਂਸਈ ਹਰਿਦਾਸ ਗੋਵਿੰਦ, ਸੈਂਸਈ ਅਨੁਪ ਅਸ਼ੋਕ ਦੇਠੇ, ਸੈਂਸਈ ਵਿਜੈ ਕੁਮਾਰ ਡੂਗਰੂ, ਸੈਂਸਈ ਜਿਤੇਸ਼ ਨਾਇਰ ਅਤੇ ਸੈਂਸਈ ਸ਼ਾਜੀ ਕੋਟਾਰਮ ਨੇ ਉਨ੍ਹਾਂ ਨੂੰ ਦਿਲੋਂ ਵਧਾਈ ਦਿੱਤੀ।
ਰੈਫਰੀ ਕੋਰਸ ਅਤੇ ਵਰਲਡ ਕਰਾਟੇ ਚੈਂਪੀਅਨਸ਼ਿਪ ਦੇ ਕਵਾਲੀਫਾਇੰਗ ਪੜਾਅ ਵਿੱਚ ਆਫ਼ਿਸੀਏਟ ਕਰਨ ਤੋਂ ਬਾਅਦ ਭਾਰਤ ਵਾਪਸੀ ‘ਤੇ ਸੈਂਸਈ ਜਗਮੋਹਨ ਵਿਜ ਨੇ ਕਿਹਾ ਇਹ ਪ੍ਰਾਪਤੀ ਸਿਰਫ ਮੇਰੀ ਵਿਅਕਤੀਗਤ ਪ੍ਰਾਪਤੀ ਨਹੀਂ ਹੈ, ਸਗੋਂ ਪੂਰੇ ਭਾਰਤੀ ਕਰਾਟੇ ਪਰਿਵਾਰ ਦੀ ਮਹਿਨਤ, ਸਮਰਪਣ ਅਤੇ ਜਜ਼ਬੇ ਦਾ ਨਤੀਜਾ ਹੈ। ਮੈਂ ਆਪਣੇ ਸੀਨੀਅਰਾਜ ਦੇ ਵਿਸ਼ਵਾਸ ਅਤੇ ਮਾਰਗਦਰਸ਼ਨ ਲਈ ਖ਼ਾਸ ਤੌਰ ‘ਤੇ ਕਰਾਟੇ ਇੰਡੀਆ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸ਼ੀਹਾਨ ਭਾਰਤ ਸ਼ਰਮਾ ਅਤੇ ਸਕੱਤਰ ਸੰਜੀਵ ਕੁਮਾਰ ਜੰਗੜਾ ਦੇ ਨਿਰੰਤਰ ਸਹਿਯੋਗ ਅਤੇ ਪ੍ਰੇਰਨਾ ਲਈ ਧੰਨਵਾਦੀ ਹਾਂ,
ਮੇਰਾ ਸੰਕਲਪ ਹੈ ਕਿ ਮੈਂ ਹਰ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਨਿਰਪੱਖਤਾ, ਸਤਿਕਾਰ ਅਤੇ ਉਤਕ੍ਰਿਸ਼ਟਤਾ ਦੇ ਮੁੱਲਾਂ ਨੂੰ ਸਰਵੋਚ ਰੱਖਾਂ।”
ਕਰਾਟੇ ਇੰਡੀਆ ਆਰਗੇਨਾਈਜ਼ੇਸ਼ਨ — ਜੋ ਭਾਰਤ ਵਿੱਚ ਵਰਲਡ ਕਰਾਟੇ ਫੈਡਰੇਸ਼ਨ ਅਤੇ ਏਸ਼ੀਆਈ ਕਰਾਟੇ ਫੈਡਰੇਸ਼ਨ ਵੱਲੋਂ ਮਾਨਤਾ ਪ੍ਰਾਪਤ ਇੱਕੋ ਇਕ ਨੇਸ਼ਨਲ ਫੈਡਰੇਸ਼ਨ ਹੈ — ਨੇ ਸੈਂਸਈ ਜਗਮੋਹਨ ਵਿਜ ਨੂੰ ਇਸ ਉਪਲਬਧੀ ‘ਤੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕਾਮਯਾਬੀ ਨੇ ਦੇਸ਼ ਭਰ ਦੇ ਨੌਜਵਾਨ ਰੈਫਰੀਆਂ ਅਤੇ ਖਿਡਾਰੀਆਂ ਨੂੰ ਨਵੀਂ ਪ੍ਰੇਰਣਾ ਦਿੱਤੀ ਹੈ।
ਪੰਜਾਬ ਦੇ ਜਗਮੋਹਨ ਵਿੱਜ ਨੇ ਵਰਲਡ ਕਰਾਟੇ ਫੈਡਰੇਸ਼ਨ ਦੀ ਰੈਫਰੀ ਏ ਪ੍ਰੀਖਿਆ ਪਾਸ ਕਰਨ ਦਾ ਮਾਣ ਕੀਤਾ ਹਾਸਲ
