ਖਰੜ (ਐੱਸ.ਏ.ਐੱਸ. ਨਗਰ), 10 ਅਕਤੂਬਰ:- ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਰਾਇਤ ਬਾਹਰਾ ਯੂਨੀਵਰਸਿਟੀ, ਖਰੜ ਵਿਖੇ ‘ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਮੰਗ ਨੂੰ ਘਟਾਉਣਾ’ ਵਿਸ਼ੇ ’ਤੇ ਪੈਨਲ ਚਰਚਾ ਕਰਵਾਈ ਗਈ। ਇਸ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਮਾਨਸਿਕ ਸਿਹਤ ਦੀ ਮਹੱਤਤਾ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਤਰੀਕਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਚਰਚਾ ਦੌਰਾਨ ਮਨੋਵਿਗਿਆਨੀ ਸ੍ਰੀਮਤੀ ਪ੍ਰਨੀਤ ਕੌਰ, ਮਨੋਚਿਕਿਤਸਕ ਡਾ. ਸੁਖਤੇਜ, ਸੋਸ਼ਲ ਮੀਡੀਆ ਪ੍ਰਭਾਵਕ ਸ੍ਰੀ ਮੇਹੁਲ ਸੈਣੀ ਅਤੇ ਬਾਈਕ ਕਲੱਬ ਦੀ ਸ੍ਰੀਮਤੀ ਸ਼ਿਵਾਨੀ ਚੌਹਾਨ ਨੇ ਕਿਹਾ ਕਿ ਨਸ਼ੇ ਦੀ ਆਦਤ ਨੂੰ ਸਿਰਫ਼ ਸਰੀਰਕ ਸਮੱਸਿਆ ਵਜੋਂ ਨਹੀਂ ਦੇਖਣਾ ਚਾਹੀਦਾ, ਕਿਉਂਕਿ ਇਸ ਨਾਲ ਮਾਨਸਿਕ, ਭਾਵਨਾਤਮਕ ਅਤੇ ਸਮਾਜਿਕ ਕਾਰਕ ਵੀ ਜੁੜੇ ਹੁੰਦੇ ਹਨ। ਤਣਾਅ, ਇਕੱਲਾਪਣ, ਮਾੜੀ ਸੰਗਤ ਅਤੇ ਨਿੱਜੀ ਸਮੱਸਿਆਵਾਂ ਕਈ ਵਾਰ ਵਿਅਕਤੀ ਨੂੰ ਨਸ਼ਿਆਂ ਵੱਲ ਧੱਕ ਸਕਦੀਆਂ ਹਨ। ਇਸ ਲਈ ਨਸ਼ਿਆਂ ਦੀ ਰੋਕਥਾਮ ਲਈ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ, ਪਰਿਵਾਰਕ ਸਹਿਯੋਗ ਅਤੇ ਸਮੇਂ ਸਿਰ ਮਾਹਿਰਾਂ ਦੀ ਮਦਦ ਲੈਣੀ ਬੇਹੱਦ ਜ਼ਰੂਰੀ ਹੈ।
ਮਾਹਿਰਾਂ ਨੇ ਵਿਦਿਆਰਥੀਆਂ ਨੂੰ ਸਪਸ਼ਟ ਅਪੀਲ ਕੀਤੀ ਕਿ ਉਹ ਆਪਣੀ ਮਾਨਸਿਕ ਸਿਹਤ ਨੂੰ ਗੰਭੀਰਤਾ ਨਾਲ ਲੈਣ ਅਤੇ ਕਿਸੇ ਵੀ ਤਰ੍ਹਾਂ ਦੇ ਮਾਨਸਿਕ ਤਣਾਅ, ਨਿਰਾਸ਼ਾ ਜਾਂ ਭਾਵਨਾਤਮਕ ਪਰੇਸ਼ਾਨੀ ਨੂੰ ਲੁਕਾਉਣ ਦੀ ਬਜਾਏ ਆਪਣੇ ਮਾਪਿਆਂ, ਅਧਿਆਪਕਾਂ ਜਾਂ ਕਿਸੇ ਭਰੋਸੇਯੋਗ ਵਿਅਕਤੀ ਨਾਲ ਸਾਂਝਾ ਕਰਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ, ਨਸ਼ਾ ਕਰਨ ਲਈ ਦੋਸਤਾਂ ਦੇ ਦਬਾਅ ਅੱਗੇ ਨਹੀਂ ਝੁਕਣਾ ਚਾਹੀਦਾ ਅਤੇ ਜੇ ਕਿਸੇ ਸਾਥੀ ਵਿੱਚ ਨਸ਼ੇ ਦੀ ਲਤ ਦੇ ਲੱਛਣ ਦਿਖਾਈ ਦੇਣ ਤਾਂ ਉਸ ਦਾ ਮਜ਼ਾਕ ਉਡਾਉਣ ਜਾਂ ਉਸ ਨੂੰ ਇਕੱਲਾ ਛੱਡਣ ਦੀ ਬਜਾਏ ਸਹੀ ਮਦਦ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਮਾਹਿਰਾਂ ਨੇ ਕਿਹਾ ਕਿ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਝਿਜਕ ਦੇ ਮਨੋਵਿਗਿਆਨੀ, ਕਾਊਂਸਲਰ ਜਾਂ ਸਿਹਤ ਮਾਹਿਰ ਦੀ ਸਹਾਇਤਾ ਲੈਣੀ ਚਾਹੀਦੀ ਹੈ। ਮਦਦ ਮੰਗਣਾ ਕਮਜ਼ੋਰੀ ਨਹੀਂ, ਸਗੋਂ ਆਪਣੀ ਸਿਹਤ ਅਤੇ ਭਵਿੱਖ ਪ੍ਰਤੀ ਜ਼ਿੰਮੇਵਾਰੀ ਦਾ ਪ੍ਰਗਟਾਵਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ, ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਅਤੇ ਆਪਣੇ ਆਲੇ-ਦੁਆਲੇ ਸਕਾਰਾਤਮਕ ਮਾਹੌਲ ਬਣਾਉਣ ਲਈ ਪ੍ਰੇਰਿਤ ਕੀਤਾ।
ਪੈਨਲ ਚਰਚਾ ਦੌਰਾਨ ਮਾਹਿਰਾਂ ਨੇ ਸੋਸ਼ਲ ਮੀਡੀਆ ਦੀ ਸੂਝ-ਬੂਝ ਨਾਲ ਵਰਤੋਂ ਕਰਨ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੇ ਹਾਂ-ਪੱਖੀ ਅਤੇ ਨਾਂਹ-ਪੱਖੀ ਦੋਵੇਂ ਪ੍ਰਭਾਵ ਹਨ। ਇਸ ਲਈ ਕੋਈ ਵੀ ਪੋਸਟ, ਟਿੱਪਣੀ ਜਾਂ ਸਮੱਗਰੀ ਸਾਂਝੀ ਕਰਨ ਤੋਂ ਪਹਿਲਾਂ ਉਸ ਦੇ ਸੰਭਾਵੀ ਪ੍ਰਭਾਵ ਬਾਰੇ ਸੋਚਣਾ ਚਾਹੀਦਾ ਹੈ ਅਤੇ ਅਜਿਹੀ ਸਮੱਗਰੀ ਸਾਂਝੀ ਕਰਨ ਤੋਂ ਬਚਣਾ ਚਾਹੀਦਾ ਹੈ, ਜਿਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੋਵੇ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਵਿਚਾਰ ਸਿਹਤਮੰਦ ਢੰਗ ਨਾਲ ਪ੍ਰਗਟਾਉਣ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਦਿਆਂ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ।
ਅੰਤ ਵਿੱਚ ਮਾਹਿਰਾਂ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਸਰਕਾਰੀ ਯਤਨਾਂ ਨਾਲ ਸਫਲ ਨਹੀਂ ਹੋ ਸਕਦੀ, ਸਗੋਂ ਇਸ ਲਈ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਸਮਾਜ ਦੇ ਸਾਂਝੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਨਸ਼ਿਆਂ ਤੋਂ ਦੂਰ ਰਹਿਣ, ਆਪਣੇ ਸਾਥੀਆਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ ਅਤੇ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਲਈ ਸਮੇਂ ਸਿਰ ਮਦਦ ਲੈ ਕੇ ਸਿਹਤਮੰਦ ਅਤੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ।
ਇਸ ਪੈਨਲ ਚਰਚਾ ਤੋਂ ਪਹਿਲਾਂ ਚੱਪੜ ਚਿੜੀ ਦੇ ਫ਼ਤਹਿ ਬੁਰਜ ਤੋਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਰਵਾਨਾ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਬਾਈਕ ਰੈਲੀ ਦੇ ਸਵਾਰਾਂ ਦੇ ਰਾਇਤ ਬਾਹਰਾ ਯੂਨੀਵਰਸਿਟੀ ਪਹੁੰਚਣ ’ਤੇ ਸਵਾਗਤ ਕੀਤਾ ਗਿਆ ਅਤੇ ਰੈਲੀ ਦੇ ਸੰਪੂਰਨ ਹੋਣ ’ਤੇ ਉਨ੍ਹਾਂ ਦਾ ਅਭਿਨੰਦਨ ਕੀਤਾ ਗਿਆ। ਇਨ੍ਹਾਂ ਬਾਈਕ ਸਵਾਰਾਂ ਨੇ ਇਸ ਪੈਨਲ ਚਰਚਾ ਵਿੱਚ ਵੀ ਭਾਗ ਲਿਆ।
ਇਸ ਮੌਕੇ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ.
