ਬਰਨਾਲਾ (ਪੈਗਾਮ-ਏ-ਜਗਤ):- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗ੍ਰੈਜੂਏਟ ਹਲਕੇ ਤੋਂ ਇਸ ਵਾਰ ਚੁਣੇ ਗਏ ਸੈਨੇਟਰ ਡਾ. ਸੁਖਦੇਵ ਸਿੰਘ ਸਿਰਸਾ ਨੇ ਬਰਨਾਲਾ ਪਹੁੰਚ ਕੇ ਸੈਨੇਟ ਦੇ ਵੋਟਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਸਥਾਨਕ ਗ਼ਜ਼ਲ ਹੋਟਲ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਿਲੇ ਅਧਿਕਾਰਾਂ ਦੀ ਦਿਨੋ-ਦਿਨ ਹੋ ਰਹੀ ਕਟੌਤੀ ਨੂੰ ਰੋਕਣ ਲਈ ਇਹ ਚੋਣ ਲੜਨੀ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਵੋਟਰਾਂ ਵੱਲੋਂ ਮਿਲੇ ਸਨਮਾਨ ਅਤੇ ਸਹਿਯੋਗ ਨੇ ਉਨ੍ਹਾਂ ਦਾ ਹੌਸਲਾ ਵਧਾਇਆ ਹੈ ਅਤੇ ਉਨ੍ਹਾਂ ਨੂੰ ਬਲ ਵੀ ਦਿੱਤਾ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਾਬਕਾ ਜਨਰਲ ਸਕੱਤਰ ਸੁਰਜੀਤ ਜੱਜ ਨੇ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਹਰ ਪਾਸਿਓਂ ਮਿਲ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਲੋਕ-ਪੱਖੀ ਵਿਚਾਰਾਂ ਦੀ ਰਾਖੀ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਉਦੋਂ ਹੀ ਲੜੀ ਜਾ ਸਕਦੀ ਹੈ ਜਦੋਂ ਯੋਗ ਆਗੂਆਂ ਨੂੰ ਅੱਗੇ ਲਿਆਂਦਾ ਜਾਵੇਗਾ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਦੇ ਅਹੁਦੇ ਲਈ ਚੋਣ ਲੜ ਰਹੇ ਸ਼ਾਇਰ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਕੇਂਦਰੀ ਸਭਾ ਨੂੰ ਮੁੜ ਸਰਗਰਮ ਕਰਨ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ।
ਸਮਾਗਮ ਦੀ ਸ਼ੁਰੂਆਤ ਵਿੱਚ ਡਾ. ਹਰਭਗਵਾਨ ਨੇ ਮਹਿਮਾਨਾਂ ਦਾ ਸਵਾਗਤ ਕੀਤਾ, ਜਦਕਿ ਭੋਲਾ ਸਿੰਘ ਸੰਘੇੜਾ ਅਤੇ ਤਰਸੇਮ ਨੇ ਬਰਨਾਲਾ ਦੇ ਵੋਟਰਾਂ ਵੱਲੋਂ ਮਿਲੇ ਸਹਿਯੋਗ ਬਾਰੇ ਵਿਸਥਾਰ ਨਾਲ ਦੱਸਿਆ।
ਇਸ ਮੌਕੇ ਓਮ ਪ੍ਰਕਾਸ਼ ਗਾਸੋ, ਡਾ. ਜੋਗਿੰਦਰ ਸਿੰਘ ਨਿਰਾਲਾ, ਚੰਦ ਸਿੰਘ ਚੋਪੜਾ, ਡਾ. ਜਸਬੀਰ ਸਿੰਘ ਔਲਖ, ਮਾਸਟਰ ਕਾਂਤੀ ਸਰੂਪ, ਰਾਮ ਕੁਮਾਰ ਭਦੌੜ, ਯਾਦਵਿੰਦਰ ਸਿੰਘ ਤਪਾ, ਬੂਟਾ ਸਿੰਘ ਚੌਹਾਨ, ਤੇਜਾ ਸਿੰਘ ਤਿਲਕ, ਮੇਜਰ ਸਿੰਘ ਗਿੱਲ, ਪਰਮਜੀਤ ਮਾਨ, ਡਾ. ਤਰਸਪਾਲ ਕੌਰ, ਰਾਮ ਸਰੂਪ ਸ਼ਰਮਾ, ਜਗਤਾਰ ਜਜੀਰਾ, ਪਰਗਟ ਸਿੰਘ ਟਿਵਾਣਾ, ਰਾਜੇਸ਼ ਭੁਟਾਨੀ, ਹਰਚਰਨ ਸਿੰਘ ਚਾਹਲ, ਹਰਦੀਪ ਕੁਮਾਰ, ਸੁਦਰਸ਼ਨ ਗੁੱਡੂ, ਇਕਬਾਲ ਕੌਰ ਉਦਾਸੀ, ਪਵਨ ਪਰਿੰਦਾ, ਦਰਸ਼ਨ ਸਿੰਘ ਗੁਰੂ, ਜਗਤਾਰ ਬੈਂਸ, ਰਾਜਿੰਦਰ ਸ਼ੌਕੀ ਅਤੇ ਸੁਰਜੀਤ ਸੰਧੂ ਆਦਿ ਨੇ ਵੀ ਸ਼ਮੂਲੀਅਤ ਕੀਤੀ।
