ਪਟਿਆਲਾ, 30 ਸਤੰਬਰ:- ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਦਾ ਇੱਕ ਵਫ਼ਦ ਆਪਣੀਆਂ ਮੰਗਾਂ ਸਬੰਧੀ ਐਮ.ਡੀ. ਪੀ.ਆਰ.ਟੀ.ਸੀ. ਨੂੰ ਮਿਲਿਆ। ਵਫ਼ਦ ਵਿੱਚ ਚੇਅਰਮੈਨ ਮੁਕੰਦ ਸਿੰਘ, ਵਾਈਸ ਚੇਅਰਮੈਨ ਬਚਿੱਤਰ ਸਿੰਘ, ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਅਤੇ ਕੈਸ਼ੀਅਰ ਅਮੋਲਕ ਸਿੰਘ ਸ਼ਾਮਲ ਸਨ।

ਵਫ਼ਦ ਨੇ ਅਗਸਤ ਮਹੀਨੇ ਦੀ ਪੈਨਸ਼ਨ ਦੇਰੀ ਨਾਲ ਅਤੇ ਕਿਸ਼ਤਾਂ ਵਿੱਚ ਮਿਲਣ ’ਤੇ ਚਿੰਤਾ ਜ਼ਾਹਰ ਕਰਦਿਆਂ ਮੰਗ ਕੀਤੀ ਕਿ ਹਰ ਮਹੀਨੇ ਦੀ 10 ਤਰੀਕ ਤੋਂ ਪਹਿਲਾਂ ਪੈਨਸ਼ਨ ਦੀ ਪੂਰੀ ਅਦਾਇਗੀ ਕੀਤੀ ਜਾਵੇ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਐਲਾਨੇ 8 ਫ਼ੀਸਦੀ ਡੀ.ਏ. ਨੂੰ ਸਤੰਬਰ ਮਹੀਨੇ ਦੀ ਪੈਨਸ਼ਨ ਨਾਲ ਲਾਗੂ ਕਰਨ ਦੀ ਵੀ ਮੰਗ ਕੀਤੀ। ਇਸ ਤੋਂ ਇਲਾਵਾ 2016 ਦੇ ਪੇ ਕਮਿਸ਼ਨ ਦੇ ਗ੍ਰੇਡਾਂ ਦੇ ਬਕਾਏ, ਮੈਡੀਕਲ ਬਿੱਲਾਂ ਅਤੇ ਨਵੇਂ ਰਿਟਾਇਰੀਆਂ ਦੇ ਬਕਾਇਆਂ ਦੀ ਅਦਾਇਗੀ ਦਾ ਮਾਮਲਾ ਵੀ ਉਠਾਇਆ ਗਿਆ।

ਐਮ.ਡੀ. ਨੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਪੈਨਸ਼ਨ ਹਰ ਮਹੀਨੇ ਦੀ 10 ਤਰੀਕ ਤੋਂ ਪਹਿਲਾਂ ਜਾਰੀ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਤੰਬਰ ਦੀ ਪੈਨਸ਼ਨ ਵਿੱਚ 8 ਫ਼ੀਸਦੀ ਡੀ.ਏ. ਸ਼ਾਮਲ ਕਰਕੇ ਅਦਾਇਗੀ ਕੀਤੀ ਜਾਵੇਗੀ। ਨਵੇਂ ਰਿਟਾਇਰੀਆਂ ਦੇ ਬਕਾਇਆਂ ਸਬੰਧੀ ਉਨ੍ਹਾਂ ਜਨਰਲ ਮੈਨੇਜਰ ਪ੍ਰਬੰਧ ਨੂੰ ਵੇਰਵੇ ਤਿਆਰ ਕਰਕੇ ਜਲਦੀ ਪੇਸ਼ ਕਰਨ ਦੀ ਹਦਾਇਤ ਕੀਤੀ, ਤਾਂ ਜੋ ਅਦਾਇਗੀ ਕੀਤੀ ਜਾ ਸਕੇ।

ਮੈਡੀਕਲ ਬਿੱਲਾਂ ਅਤੇ 2016 ਦੇ ਗ੍ਰੇਡਾਂ ਦੇ ਬਕਾਇਆਂ ਦੀ ਅਦਾਇਗੀ ਵੀ ਜਲਦ ਕਰਨ ਦਾ ਭਰੋਸਾ ਦਿੱਤਾ ਗਿਆ। ਐਮ.ਡੀ. ਨੇ ਕਿਹਾ ਕਿ ਪੈਨਸ਼ਨਰ ਬਜ਼ੁਰਗਾਂ ਦਾ ਸਤਿਕਾਰ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲੋੜੀਂਦੇ ਉਪਰਾਲੇ ਕੀਤੇ ਜਾਣਗੇ।

ਵਫ਼ਦ ਨੇ ਹਰ ਮਹੀਨੇ ਮੀਟਿੰਗ ਲਈ ਸਮਾਂ ਦੇਣ ਦੀ ਮੰਗ ਕੀਤੀ। ਇਸ ’ਤੇ ਐਮ.ਡੀ. ਨੇ ਕਿਹਾ ਕਿ ਹਰ ਮਹੀਨੇ ਮੀਟਿੰਗ ਕੀਤੀ ਜਾਵੇਗੀ ਅਤੇ ਪੈਨਸ਼ਨਰ ਆਪਣੀਆਂ ਸਮੱਸਿਆਵਾਂ ਸਿੱਧੇ ਤੌਰ ’ਤੇ ਰੱਖ ਸਕਣਗੇ। ਵਫ਼ਦ ਨੇ ਐਮ.ਡੀ. ਦਾ ਧੰਨਵਾਦ ਕੀਤਾ।