ਗੜ੍ਹਸ਼ੰਕਰ, 23 ਅਕਤੂਬਰ (ਹਰੀ ਕ੍ਰਿਸ਼ਨ ਗੰਗੜ):- ਸੰਯੁਕਤ ਮੋਰਚੇ ਅਤੇ ਸੀ.ਪੀ.ਆਈ. (ਐੱਮ.) ਦੇ ਸੱਦੇ 'ਤੇ ਅੱਜ ਤਹਿਸੀਲ ਗੜ੍ਹਸ਼ੰਕਰ ਵਿੱਚ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਗਾਂਧੀ ਪਾਰਕ ਤੋਂ ਬਾਬਾ ਗੁਰਦਿੱਤ ਸਿੰਘ ਪਾਰਕ ਤੱਕ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੀਤਾ ਗਿਆ। ਮਾਰਚ ਦੇ ਅੰਤ ਵਿੱਚ ਚੋਣ ਕਮਿਸ਼ਨ ਅਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਗਏ।
ਇਸ ਮੌਕੇ ਰਾਸ਼ਟਰਪਤੀ ਦੇ ਨਾਮ ਐੱਸ.ਡੀ.ਐੱਮ. ਰਾਹੀਂ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਦੇਸ਼ ਦੇ ਲੋਕਾਂ ਵੱਲੋਂ ਲੰਮੇ ਸੰਘਰਸ਼ਾਂ ਰਾਹੀਂ ਹਾਸਲ ਕੀਤੇ ਵੋਟ ਦੇ ਅਧਿਕਾਰ ਦੀ ਰਾਖੀ ਕੀਤੀ ਜਾਵੇ ਅਤੇ ਵੋਟਰ ਸੂਚੀਆਂ ਵਿੱਚੋਂ ਵੱਡੀ ਗਿਣਤੀ ਵਿੱਚ ਵੋਟਾਂ ਕੱਟਣ ਦੀ ਪ੍ਰਕਿਰਿਆ ਨੂੰ ਰੋਕਿਆ ਜਾਵੇ। ਆਗੂਆਂ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਦੀ ਕਾਰਵਾਈ ਨਾਲ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਇਸ ਨਾਲ ਭਾਜਪਾ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਗੂਆਂ ਨੇ ਦਿੱਲੀ ਦੇ ਜੰਤਰ-ਮੰਤਰ ਵਿਖੇ ਵੋਟਾਂ ਦੀ ਕਥਿਤ ਕਟੌਤੀ ਵਿਰੁੱਧ ਸੰਘਰਸ਼ ਕਰ ਰਹੇ ਵਿਦਿਆਰਥੀਆਂ, ਕਿਸਾਨਾਂ ਅਤੇ ਹੋਰ ਜਮਹੂਰੀ ਜਥੇਬੰਦੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਸੰਘਰਸ਼ ਕਰ ਰਹੇ ਲੋਕਾਂ ਨਾਲ ਕਥਿਤ ਧੱਕੇਸ਼ਾਹੀ ਅਤੇ ਤਸ਼ੱਦਦ ਦੀ ਨਿੰਦਾ ਕਰਦਿਆਂ ਰਾਸ਼ਟਰਪਤੀ ਤੋਂ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ 'ਤੇ ਤਸ਼ੱਦਦ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਚੋਣ ਕਮਿਸ਼ਨ ਦੀ ਭੂਮਿਕਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਆਗੂਆਂ ਨੇ ਮੰਗ ਕੀਤੀ ਕਿ ਵੋਟਾਂ ਦੀ ਕਥਿਤ ਚੋਰੀ ਦੀ ਪ੍ਰਕਿਰਿਆ ਨੂੰ ਤੁਰੰਤ ਰੋਕਿਆ ਜਾਵੇ ਅਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਰੋਸ ਮਾਰਚ ਵਿੱਚ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਸਕੱਤਰ ਗੁਰਨੇਕ ਸਿੰਘ ਭੱਜਲ, ਸੂਬਾਈ ਮੀਤ ਪ੍ਰਧਾਨ ਦਰਸ਼ਨ ਸਿੰਘ ਮੱਟੂ, ਕਿਰਤੀ ਕਿਸਾਨ ਯੂਨੀਅਨ ਦੇ ਹਰਮੇਸ਼ ਢੇਸੀ, ਜਮਹੂਰੀ ਕਿਸਾਨ ਸਭਾ ਦੇ ਕਲਭੂਸ਼ਣ ਕੁਮਾਰ, ਮੱਖਣ ਸਿੰਘ ਵਾਹਿਦਪੁਰੀ, ਟਰੇਡ ਯੂਨੀਅਨ ਆਗੂ ਮਹਿੰਦਰ ਕੁਮਾਰ ਵਡੋਵਾਣ, ਇਸਤਰੀ ਸਭਾ ਵੱਲੋਂ ਨੀਲਮ ਰਾਣੀ, ਰਾਮ ਜੀ ਦਾਸ ਚੌਹਾਨ, ਮੋਹਨ ਲਾਲ ਬਿਨੇਵਾਲ, ਗਰਬਖ਼ਸ਼ ਕੌਰ, ਸੁਖਵਿੰਦਰ ਕੌਰ, ਬਲਬੀਰ ਸਿੰਘ, ਬਖ਼ਸ਼ੀਸ਼ ਸਿੰਘ, ਅਵਤਾਰ ਸਿੰਘ, ਪ੍ਰੇਮ ਸਿੰਘ, ਬਲਬੀਰ ਸਿੰਘ ਬੋੜਾ, ਸ਼ਾਮ ਸੁੰਦਰ ਕਪੂਰ, ਗੁਰਨਾਮ ਸਿੰਘ ਹਾਜੀਪੁਰ, ਬਹਾਦਰ ਸਿੰਘ ਮੇਗੋਵਾਲ, ਹੰਸ ਰਾਜ, ਸ਼ਿੰਗਾਰਾ ਰਾਮ, ਬਖ਼ਸ਼ੀਸ਼ ਸਿੰਘ ਦਿਆਲ, ਸੁਰਿੰਦਰ ਸਿੰਘ ਮੱਟੂ, ਜਸਵਿੰਦਰ ਸਿੰਘ, ਜਸਵਿੰਦਰ ਕੌਰ ਬੋੜਾ, ਰਸ਼ਪਾਲ ਕੌਰ ਗੜ੍ਹਸ਼ੰਕਰ ਅਤੇ ਜਸਵਿੰਦਰ ਮੱਟੂ ਸਮੇਤ ਵੱਡੀ ਗਿਣਤੀ ਵਿੱਚ ਸਾਥੀ ਹਾਜ਼ਰ ਸਨ।
ਸਟੇਜ ਦੀ ਕਾਰਵਾਈ ਬੀਬੀ ਸੁਭਾਸ਼ ਮੱਟੂ ਨੇ ਬਾਖ਼ੂਬੀ ਨਿਭਾਈ। ਅੰਤ ਵਿੱਚ ਦਰਸ਼ਨ ਸਿੰਘ ਮੱਟੂ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ।
