ਚੰਡੀਗੜ੍ਹ, 15 ਅਕਤੂਬਰ:- ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸੋਚ ਹੈ ਕਿ ਕਿਸਾਨ ਨੂੰ ਪਾਰਦਰਸ਼ੀ ਢੰਗ ਨਾਲ ਉਸ ਦੀ ਬੀਮਾ ਪਾਲਿਸੀ ਸਿੱਧੇ ਉਸ ਦੇ ਹੱਥ ਵਿੱਚ ਮਿਲੇ। ਇਸੇ ਸੋਚ ਤਹਿਤ ‘ਮੇਰੀ ਪਾਲਿਸੀ ਮੇਰੇ ਹੱਥ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕੇਂਦਰ ਅਤੇ ਸੂਬਾ ਸਰਕਾਰ ਵੱਲੋਂ 15 ਅਕਤੂਬਰ ਤੋਂ 15 ਨਵੰਬਰ ਤੱਕ ਪੂਰੇ ਭਾਰਤ ਵਿੱਚ ਇੱਕ ਮਹੀਨੇ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਮੁਹਿੰਮ ਤਹਿਤ ਹਰ ਯੋਗ ਕਿਸਾਨ ਨੂੰ ਉਸ ਦੀ ਫ਼ਸਲ ਦੀ ਬੀਮਾ ਪਾਲਿਸੀ ਸੌਂਪੀ ਜਾ ਰਹੀ ਹੈ, ਤਾਂ ਜੋ ਕਿਸਾਨ ਨੂੰ ਪਤਾ ਲੱਗ ਸਕੇ ਕਿ ਉਸ ਦੀ ਫ਼ਸਲ ਦਾ ਬੀਮਾ ਹੋਇਆ ਹੈ ਜਾਂ ਨਹੀਂ, ਬੀਮੇ ਦੀ ਪ੍ਰੀਮੀਅਮ ਰਾਸ਼ੀ ਕਿੰਨੀ ਹੈ ਅਤੇ ਬੀਮੇ ਦਾ ਕਲੇਮ ਕਿਵੇਂ ਮਿਲੇਗਾ।
ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਵੀਰਵਾਰ ਨੂੰ ਕੁਰੂਕਸ਼ੇਤਰ ਜ਼ਿਲ੍ਹੇ ਦੇ ਸ਼ਾਹਬਾਦ ਵਿਖੇ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਤਹਿਤ ਕਰਵਾਏ ਗਏ ਸੂਬਾ ਪੱਧਰੀ ‘ਮੇਰੀ ਪਾਲਿਸੀ ਮੇਰੇ ਹੱਥ’ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਦੌਰਾਨ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਤਹਿਤ ‘ਮੇਰੀ ਪਾਲਿਸੀ ਮੇਰੇ ਹੱਥ’ ਮੁਹਿੰਮ ਦੀਆਂ ਬੀਮਾ ਪਾਲਿਸੀਆਂ ਵੰਡਣ ਤੋਂ ਬਾਅਦ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਕਿਸਾਨਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਵੱਖ-ਵੱਖ ਭਲਾਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ।
ਉਨ੍ਹਾਂ ਨੇ ‘ਮੇਰੀ ਫ਼ਸਲ ਮੇਰਾ ਬਿਓਰਾ’ ਪੋਰਟਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਹਰੇਕ ਕਿਸਾਨ ਨੂੰ ਇਸ ਪੋਰਟਲ ’ਤੇ ਆਪਣੀ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣੀ ਚਾਹੀਦੀ ਹੈ, ਤਾਂ ਜੋ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਦਾ ਲਾਭ ਸਿੱਧਾ ਉਸ ਦੇ ਖਾਤੇ ਵਿੱਚ ਪਹੁੰਚ ਸਕੇ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਟੀਚਾ ਸਾਲ 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣਾ ਹੈ। ਭਾਰਤ ਉਦੋਂ ਹੀ ਵਿਕਸਤ ਹੋਵੇਗਾ, ਜਦੋਂ ਸਾਡਾ ਕਿਸਾਨ, ਮਜ਼ਦੂਰ ਅਤੇ ਵਪਾਰੀ ਵਿਕਸਤ ਹੋਵੇਗਾ ਅਤੇ ਸਮਾਜ ਦੇ ਹਰ ਵਰਗ ਦੀ ਤਰੱਕੀ ਹੋਵੇਗੀ। ਜਦੋਂ ਸਮਾਜ ਦਾ ਹਰ ਵਰਗ ਵਿਕਾਸ ਕਰੇਗਾ, ਤਾਂ ਹੀ ਸਾਲ 2047 ਤੱਕ ਭਾਰਤ ਇੱਕ ਵਿਕਸਤ ਰਾਸ਼ਟਰ ਬਣ ਸਕੇਗਾ।
ਸਮਾਗਮ ਦੌਰਾਨ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਸਾਰੇ ਕਿਸਾਨਾਂ ਨੂੰ ‘ਨਾ ਪਰਾਲੀ ਸਾੜਾਂਗੇ, ਨਾ ਸਾੜਨ ਦਿਆਂਗੇ’ ਦੀ ਸਹੁੰ ਵੀ ਚੁਕਾਈ।
ਉਨ੍ਹਾਂ ਕਿਹਾ ਕਿ ਪਰਾਲੀ ਸਾੜਨਾ ਵਾਤਾਵਰਣ, ਜ਼ਮੀਨ ਅਤੇ ਮਨੁੱਖੀ ਸਿਹਤ ਤਿੰਨਾਂ ਲਈ ਨੁਕਸਾਨਦੇਹ ਹੈ। ਸਰਕਾਰ ਵੱਲੋਂ ਪਰਾਲੀ ਦੇ ਪ੍ਰਬੰਧਨ ਲਈ ਸਬਸਿਡੀ ’ਤੇ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਲਈ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦਾ ਸਹੀ ਪ੍ਰਬੰਧਨ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਹੁਣ ਤੱਕ ਪਰਾਲੀ ਸਾੜਨ ਦੀ ਇੱਕ ਵੀ ਘਟਨਾ ਸਾਹਮਣੇ ਨਹੀਂ ਆਈ ਹੈ, ਜੋ ਕਿਸਾਨਾਂ ਦੀ ਜਾਗਰੂਕਤਾ ਨੂੰ ਦਰਸਾਉਂਦੀ ਹੈ।
