ਮਨੀਲਾ, ਫਿਲੀਪੀਨਜ਼:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਕਰਵਾਏ ਗਏ 49ਵੇਂ ਆਸੀਆਨ ਸਿਖਰ ਸੰਮੇਲਨ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਹੋਰ ਕਵਾਡ ਦੇਸ਼ਾਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਟਰੰਪ ਨੇ ਨਰਿੰਦਰ ਮੋਦੀ ਨੂੰ ਸਖ਼ਤ ਪ੍ਰਧਾਨ ਮੰਤਰੀ ਦੱਸਿਆ ਅਤੇ ਉਨ੍ਹਾਂ ਦੀ ਤਾਰੀਫ਼ ਵੀ ਕੀਤੀ। ਕਵਾਡ ਸਿਖਰ ਸੰਮੇਲਨ ਦੌਰਾਨ ਸਾਰੇ ਚੋਟੀ ਦੇ ਆਗੂਆਂ ਨੇ ਇਕੱਠਿਆਂ ਮੰਚ ਸਾਂਝਾ ਕੀਤਾ ਅਤੇ ਅਧਿਕਾਰਤ ਫੋਟੋ ਸੈਸ਼ਨ ਵਿੱਚ ਹਿੱਸਾ ਲਿਆ। ਇਸ ਮੁਲਾਕਾਤ ਦੌਰਾਨ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਆਰਥਿਕ ਸੁਰੱਖਿਆ ਅਤੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਗਿਆ।

ਇਸ ਤੋਂ ਪਹਿਲਾਂ 23ਵੇਂ ਆਸੀਆਨ-ਭਾਰਤ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪੀ.ਐੱਮ. ਮੋਦੀ ਨੇ ਕਿਹਾ ਸੀ ਕਿ ਹਿੰਦ-ਪ੍ਰਸ਼ਾਂਤ ਦਾ ਭਵਿੱਖ ਮੁਕਾਬਲੇਬਾਜ਼ੀ ਵਿੱਚ ਨਹੀਂ, ਸਗੋਂ ਆਪਸੀ ਸਹਿਯੋਗ ਵਿੱਚ ਹੈ।


ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੀ ਗੱਲਬਾਤ

ਆਸੀਆਨ ਸੰਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਨਾਲ ਦੁਵੱਲੀ ਮੀਟਿੰਗ ਕੀਤੀ। ਦੋਵਾਂ ਆਗੂਆਂ ਨੇ ਵਿਆਪਕ ਰਣਨੀਤਕ ਭਾਈਵਾਲੀ ਦੇ ਰੋਡਮੈਪ ਤਹਿਤ ਹੋਈ ਤਰੱਕੀ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਵਪਾਰ ਅਤੇ ਆਰਥਿਕ ਸਹਿਯੋਗ, ਡਿਜੀਟਲੀਕਰਨ, ਰੱਖਿਆ ਅਤੇ ਸੁਰੱਖਿਆ, ਸਿਹਤ ਸੇਵਾਵਾਂ, ਸੰਪਰਕ ਸਹੂਲਤਾਂ, ਹੁਨਰ ਵਿਕਾਸ, ਸਥਿਰਤਾ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਸਮੇਤ ਅੱਠ ਪ੍ਰਮੁੱਖ ਖੇਤਰਾਂ ਵਿੱਚ ਭਾਈਵਾਲੀ ਨੂੰ ਹੋਰ ਅੱਗੇ ਵਧਾਉਣ ਬਾਰੇ ਚਰਚਾ ਹੋਈ। ਪੀ.ਐੱਮ. ਮੋਦੀ ਨੇ ਆਸੀਆਨ ਦੀ ਆਉਣ ਵਾਲੀ ਪ੍ਰਧਾਨਗੀ ਲਈ ਸਿੰਗਾਪੁਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਾਰਤ ਵੱਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।


ਥਾਈਲੈਂਡ ਦੇ ਪ੍ਰਧਾਨ ਮੰਤਰੀ ਨਾਲ ਵੀ ਕੀਤੀ ਮੁਲਾਕਾਤ

ਪੀ.ਐੱਮ. ਮੋਦੀ ਨੇ ਆਸੀਆਨ ਨਾਲ ਸਬੰਧਤ ਮੀਟਿੰਗਾਂ ਦੌਰਾਨ ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਚਾਰਨਵੀਰਾਕੁਲ ਨਾਲ ਵੀ ਮੁਲਾਕਾਤ ਕੀਤੀ। ਮੋਦੀ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ। ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਅਤੇ ਥਾਈਲੈਂਡ ਗੁਆਂਢੀ ਦੇਸ਼ ਹਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਦੀਆਂ ਪੁਰਾਣੇ ਇਤਿਹਾਸਕ, ਸੱਭਿਆਚਾਰਕ ਅਤੇ ਅਧਿਆਤਮਿਕ ਸਬੰਧ ਹਨ। ਦੋਵਾਂ ਆਗੂਆਂ ਨੇ ਭਾਰਤ-ਥਾਈਲੈਂਡ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਇਸ ਵਿੱਚ ਵਪਾਰ, ਰੱਖਿਆ ਅਤੇ ਸੁਰੱਖਿਆ, ਸੰਪਰਕ ਸਹੂਲਤਾਂ ਅਤੇ ਸੱਭਿਆਚਾਰ ਵਰਗੇ ਖੇਤਰ ਸ਼ਾਮਲ ਰਹੇ।