ਟਿਹਰੀ ਗੜ੍ਹਵਾਲ (ਉੱਤਰਾਖੰਡ):- ਮੰਗਲਵਾਰ ਤੜਕੇ ਉੱਤਰਾਖੰਡ ਦੇ ਟਿਹਰੀ ਗੜ੍ਹਵਾਲ ਜ਼ਿਲ੍ਹੇ ਵਿੱਚ ਇੱਕ ਯਾਤਰੀ ਬੱਸ ਸੜਕ ਕਿਨਾਰੇ ਲੱਗੀ ਰੇਲਿੰਗ ਤੋੜ ਕੇ 100 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ, ਜਿਸ ਕਾਰਨ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀ ਹੋ ਗਏ।

ਹਰਿਦੁਆਰ ਤੋਂ ਜੋਸ਼ੀਮਠ ਜਾ ਰਹੀ ਇਹ ਬੱਸ ਰਿਸ਼ੀਕੇਸ਼ ਤੋਂ ਕਰੀਬ 20 ਕਿਲੋਮੀਟਰ ਦੂਰ ਸਵੇਰੇ ਲਗਪਗ 5:15 ਵਜੇ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਬੱਸ ਸਵੇਰੇ 3:15 ਵਜੇ ਹਰਿਦੁਆਰ ਤੋਂ ਰਵਾਨਾ ਹੋਈ ਸੀ ਅਤੇ ਅੱਗੇ ਵਧਣ ਤੋਂ ਪਹਿਲਾਂ ਰਿਸ਼ੀਕੇਸ਼ ਵਿਖੇ ਥੋੜ੍ਹੀ ਦੇਰ ਲਈ ਰੁਕੀ ਸੀ। ਅਧਿਕਾਰੀਆਂ ਅਨੁਸਾਰ ਬੱਸ ਗੁਲਰ ਨੇੜੇ ਕਥਿਤ ਤੌਰ ’ਤੇ ਬੇਕਾਬੂ ਹੋ ਗਈ, ਸੜਕ ਕਿਨਾਰੇ ਲੱਗੀ ਰੇਲਿੰਗ ਤੋੜ ਦਿੱਤੀ ਅਤੇ ਗੁਲਰ ਪੁਲ ਦੇ ਹੇਠਾਂ ਖੱਡ ਵਿੱਚ ਜਾ ਡਿੱਗੀ। ਸੱਤ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰਾਂ ਨੇ ਏਮਜ਼ ਰਿਸ਼ੀਕੇਸ਼ ਵਿਖੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।

ਮੁਨੀ ਕੀ ਰੇਤੀ ਦੇ ਐੱਸ.ਐੱਚ.ਓ. ਪ੍ਰਦੀਪ ਚੌਹਾਨ ਨੇ ਦੱਸਿਆ ਕਿ ਗੁਲਰ ਨੇੜੇ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੀ ਰੇਲਿੰਗ ਤੋੜਦਿਆਂ ਖੱਡ ਵਿੱਚ ਜਾ ਡਿੱਗੀ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਬਿਆਸੀ ਚੌਕੀ ਤੋਂ ਸਬ-ਇੰਸਪੈਕਟਰ ਸਵਰ ਸਿੰਘ ਦੀ ਅਗਵਾਈ ਹੇਠ ਐੱਸ.ਡੀ.ਆਰ.ਐੱਫ. ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ ਅਤੇ ਹੋਰ ਏਜੰਸੀਆਂ ਦੀਆਂ ਟੀਮਾਂ ਨੂੰ ਵੀ ਮੌਕੇ ’ਤੇ ਤਾਇਨਾਤ ਕੀਤਾ ਗਿਆ। ਬਚਾਅ ਕਾਰਜ ਦੌਰਾਨ ਐੱਸ.ਡੀ.ਆਰ.ਐੱਫ. ਦੇ ਜਵਾਨਾਂ ਨੇ ਬੱਸ ਵਿੱਚੋਂ ਲਾਸ਼ਾਂ ਨੂੰ ਬਾਹਰ ਕੱਢ ਕੇ ਸੜਕ ਕੰਢੇ ਲਿਆਂਦਾ, ਜਿੱਥੋਂ ਉਨ੍ਹਾਂ ਨੂੰ ਐਂਬੂਲੈਂਸਾਂ ਰਾਹੀਂ ਹਸਪਤਾਲ ਭੇਜਿਆ ਗਿਆ। ਬਚਾਅ ਟੀਮਾਂ ਨੇ ਵਾਹਨ ਵਿੱਚੋਂ ਸਾਰੇ 25 ਜ਼ਖ਼ਮੀ ਯਾਤਰੀਆਂ ਨੂੰ ਵੀ ਬਾਹਰ ਕੱਢਿਆ। ਉਨ੍ਹਾਂ ਨੂੰ ਔਖੇ ਪਹਾੜੀ ਰਸਤੇ ਰਾਹੀਂ ਸਟਰੈਚਰਾਂ ’ਤੇ ਪਾ ਕੇ ਸੜਕ ਤੱਕ ਲਿਆਂਦਾ ਗਿਆ ਅਤੇ ਬਾਅਦ ਵਿੱਚ ਐਂਬੂਲੈਂਸਾਂ ਰਾਹੀਂ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ। ਜ਼ਖ਼ਮੀਆਂ ਵਿੱਚੋਂ 17 ਦਾ ਇਲਾਜ ਏਮਜ਼ ਰਿਸ਼ੀਕੇਸ਼ ਵਿਖੇ ਚੱਲ ਰਿਹਾ ਹੈ, ਜਦਕਿ ਬਾਕੀ ਨੌਂ ਦਾ ਇਲਾਜ ਸਰਕਾਰੀ ਹਸਪਤਾਲ, ਰਿਸ਼ੀਕੇਸ਼ ਵਿਖੇ ਕੀਤਾ ਜਾ ਰਿਹਾ ਹੈ।