ਗੜ੍ਹਸ਼ੰਕਰ 12 ਦਸੰਬਰ:- ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਸਥਿਤ ਪ੍ਰਿੰਸੀਪਲ ਹਰਭਜਨ ਸਿੰਘ ਫੁਟਬਾਲ ਸਟੇਡੀਅਮ ਵਿੱਚ ਪੰਜਾਬ ਫੁੱਟਬਾਲ ਫੈਡਰੇਸ਼ਨ ਵੱਲੋਂ ਕਰਵਾਈ ਜਾ ਰਹੀ 79ਵੀਂ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ (ਸੰਤੋਸ਼ ਟਰਾਫ਼ੀ) ਦੀਆਂ ਸਮੁੱਚੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।
ਇਸ ਬਾਰੇ ਗੱਲ ਕਰਦਿਆਂ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ, ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਅਤੇ ਸਪੋਰਟਿੰਗ ਕਲੱਬ ਦੇ ਸਕੱਤਰ ਡਾ ਪਰਮਪ੍ਰੀਤ ਕੈਂਡੋਵਾਲ ਨੇ ਕਿਹਾ ਕਿ ਮੈਚਾਂ ਲਈ ਖਾਲਸਾ ਕਾਲਜ ਮਾਹਿਲਪੁਰ ਦੀਆਂ ਖੇਡ ਗਰਾਊਂਡਾਂ ਨੂੰ ਚੁਣਿਆ ਜਾਣਾ ਮਾਣ ਵਾਲੀ ਗੱਲ ਹੈ ਅਤੇ ਮੈਚਾਂ ਦੇ ਚੰਗੇ ਸੰਚਾਲਨ ਲਈ ਚੈਂਪੀਅਨਸ਼ਿਪ ਦੇ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਉਨ੍ਹਾਂ ਦੱਸਿਆ ਕਿ 15 ਤੋਂ 19 ਦਸੰਬਰ ਤੱਕ ਹੋ ਰਹੇ ਸੰਤੋਸ਼ ਟਰਾਫੀ ਦੇ ਗਰੁੱਪ-ਏ ਦਾ ਉਦਘਾਟਨੀ ਮੈਚ ਜੰਮੂ ਕਸ਼ਮੀਰ ਅਤੇ ਲੱਦਾਖ ਦੀਆਂ ਟੀਮਾਂ ਵਿਚਕਾਰ ਹੋਵੇਗਾ ਅਤੇ ਇਸ ਮੈਚ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਮੁਖ ਮਹਿਮਾਨ ਵੱਜੋਂ ਸ਼ਿਰਕਤ ਕਰਨਗੇ ਜਦਕਿ ਸਮਾਰੋਹ ਦੀ ਪ੍ਰਧਾਨਗੀ ਅਰਜੁਨ ਐਵਾਰਡੀ ਫੁਟਬਾਲਰ ਗੁਰਦੇਵ ਸਿੰਘ ਗਿੱਲ ਕਰਨਗੇ।
ਉਨ੍ਹਾਂ ਦੱਸਿਆ ਕਿ ਬਾਅਦ ਦੁਪਹਿਰ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀਆਂ ਟੀਮਾਂ ਵਿਚਕਾਰ ਚੈਂਪੀਅਨਸ਼ਿਪ ਦਾ ਦੂਜਾ ਮੈਚ ਖੇਡਿਆ ਜਾਵੇਗਾ ਅਤੇ ਇਸ ਮੈਚ ਮੌਕੇ ਮੁੱਖ ਮਹਿਮਾਨ ਵਜੋਂ ਰਿਆਤ ਬਾਹਰਾ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਵਾਈਸ ਚਾਂਸਲਰ ਡਾ ਚੰਦਰ ਮੋਹਨ ਸ਼ਿਰਕਤ ਕਰਨਗੇ ਅਤੇ ਇਸ ਖੇਡ ਸਮਾਰੋਹ ਦੀ ਪ੍ਰਧਾਨਗੀ ਰਿਆਤ ਬਾਹਰਾ ਯੂਨੀਵਰਸਿਟੀ ਦੇ ਡਾਇਰੈਕਟਰ ਕੁਲਦੀਪ ਸਿੰਘ ਰਾਣਾ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਪੰਜਾਬ , ਜੰਮੂ ਕਸ਼ਮੀਰ, ਲੱਦਾਖ , ਹਿਮਾਚਲ ਪ੍ਰਦੇਸ਼ ਅਤੇ ਹੋਰ ਰਾਜਾਂ ਦੀਆਂ ਟੀਮਾਂ ਸੀਨੀਅਰ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਦੇ ਗਰੁੱਪ ਏ ਵਿਚ ਭਿੜਨਗੀਆਂ। ਇਸ ਮੌਕੇ ਹਾਜ਼ਰ ਜੁਆਇੰਟ ਸਕੱਤਰ ਵਿਜੇ ਬਾਲੀ, ਜਥੇਦਾਰ ਇਕਬਾਲ ਸਿੰਘ ਖੇੜਾ, ਦੋਆਬਾ ਸਕੂਲ ਦੇ ਡਾਇਰੈਕਟਰ ਹਰਜਿੰਦਰ ਸਿੰਘ ਗਿੱਲ ਸਮੇਤ ਸਪੋਰਟਿੰਗ ਕਲੱਬ ਦੇ ਮੈਂਬਰਾਨ ਮਾਸਟਰ ਬਨਿੰਦਰ ਸਿੰਘ ਅਤੇ ਡਾ ਜੇ ਬੀ ਸੇਖੋਂ ਨੇ ਕਿਹਾ ਕਿ ਮਾਹਿਲਪੁਰ ਵਿੱਚ ਸੰਤੋਸ਼ ਟਰਾਫੀ ਦੇ ਫੁੱਟਬਾਲ ਮੈਚ ਇਲਾਕੇ ਦੇ ਖੇਡ ਪ੍ਰੇਮੀਆਂ ਲਈ ਵੱਡਾ ਆਕਰਸ਼ਣ ਹੋਣਗੇ।
ਖਾਲਸਾ ਕਾਲਜ ਮਾਹਿਲਪੁਰ ਵਿੱਚ 15 ਦਸੰਬਰ ਤੋਂ ਹੋ ਰਹੀ ਸੰਤੋਸ਼ ਟਰਾਫੀ ਫੁੱਟਬਾਲ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਮੁਕੰਮਲ ਉਦਘਾਟਨੀ ਮੈਚ ਜੰਮੂ ਕਸ਼ਮੀਰ ਅਤੇ ਲੱਦਾਖ ਵਿਚਕਾਰ
