ਚੰਡੀਗੜ੍ਹ, 26 ਸਤੰਬਰ:- ਸ਼ਨੀਵਾਰ ਨੂੰ ਇੱਥੇ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪਾਰਕ ਹਸਪਤਾਲ, ਮੋਹਾਲੀ ਦੇ ਡਾਕਟਰਾਂ ਦੀ ਟੀਮ, ਡਾਇਰੈਕਟਰ-ਸੀ.ਟੀ.ਵੀ.ਐੱਸ. ਡਾ. ਸਿਧਾਰਥ ਗਰਗ, ਐਸੋਸੀਏਟ ਡਾਇਰੈਕਟਰ-ਕਾਰਡੀਅਕ ਐਨੇਸਥੀਸੀਆ ਡਾ. ਅਰਜੁਨ ਜੋਸ਼ੀ, ਐਸੋਸੀਏਟ ਡਾਇਰੈਕਟਰ-ਇੰਟਰਵੈਂਸ਼ਨਲ ਕਾਰਡੀਓਲੋਜੀ ਡਾ. ਸੰਕਲਪ ਸ਼ਰਮਾ ਅਤੇ ਸੀਨੀਅਰ ਕੰਸਲਟੈਂਟ-ਇੰਟਰਵੈਂਸ਼ਨਲ ਕਾਰਡੀਓਲੋਜੀ ਡਾ. ਸਚਿਨ ਬੰਸਲ ਨੇ ਕਾਰਡੀਅਕ ਕੇਅਰ ਪ੍ਰਬੰਧਨ 'ਤੇ ਚਾਨਣਾ ਪਾਇਆ।
ਡਾ. ਸਿਧਾਰਥ ਗਰਗ ਨੇ ਕਿਹਾ, "ਇਸ ਸਾਲ ਦੇ ਵਿਸ਼ਵ ਦਿਲ ਦਿਵਸ ਦਾ ਥੀਮ—'ਡੋੰਟ ਮਿਸ ਏ ਬੀਟ'—ਦਿਲ ਦੀਆਂ ਬੀਮਾਰੀਆਂ ਦੇ ਚੇਤਾਵਨੀ ਸੰਕੇਤਾਂ ਅਤੇ ਲੱਛਣਾਂ ਨੂੰ ਪਛਾਣਨ ਅਤੇ ਸਮੇਂ ਸਿਰ ਡਾਕਟਰੀ ਸਹਾਇਤਾ ਲੈਣ ਦੇ ਮਹੱਤਵ 'ਤੇ ਜ਼ੋਰ ਦਿੰਦਾ ਹੈ। ਇਹ ਮੁਹਿੰਮ ਲੋਕਾਂ ਨੂੰ ਉਨ੍ਹਾਂ ਲੱਛਣਾਂ ਦੀ ਪਛਾਣ ਕਰਨ ਵਿੱਚ ਮਦਦ ਕਰਨ 'ਤੇ ਕੇਂਦਰਿਤ ਹੈ, ਜਿਨ੍ਹਾਂ ਨੂੰ ਅਕਸਰ ਅਣਦੇਖਾ ਕਰ ਦਿੱਤਾ ਜਾਂਦਾ ਹੈ।"
ਇਸ ਮੌਕੇ 'ਤੇ, ਪਾਰਕ ਹਸਪਤਾਲ ਮੋਹਾਲੀ ਨੇ ਇੱਕ ਸਮਰਪਿਤ 'ਹਾਰਟ ਵਾਲਵ ਕਲੀਨਿਕ' ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਕਲੀਨਿਕ ਵਿੱਚ ਹਰ ਸ਼ਨੀਵਾਰ ਨੂੰ ਮੁਫ਼ਤ ਈਕੋ ਸਕ੍ਰੀਨਿੰਗ ਅਤੇ ਆਈ.ਐੱਨ.ਆਰ. ਟੈਸਟ ਉਪਲਬਧ ਰਹੇਗਾ, ਤਾਂ ਜੋ ਸ਼ੁਰੂਆਤੀ ਪੜਾਅ ਵਿੱਚ ਹੀ ਵਾਲਵ ਦੇ ਮਰੀਜ਼ਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਬਿਹਤਰੀਨ ਇਲਾਜ ਦਾ ਬਦਲ ਪ੍ਰਦਾਨ ਕੀਤਾ ਜਾ ਸਕੇ। ਪਾਰਕ ਹਸਪਤਾਲ ਪਿਛਲੇ 6 ਮਹੀਨਿਆਂ ਵਿੱਚ ਪਹਿਲਾਂ ਹੀ 100 ਸਫਲ ਵਾਲਵ ਸਰਜਰੀਆਂ ਕਰ ਚੁੱਕਾ ਹੈ।
ਡਾ. ਸੰਕਲਪ ਸ਼ਰਮਾ ਨੇ ਕਿਹਾ, "ਹਾਲੀਆ ਅੰਕੜਿਆਂ ਅਨੁਸਾਰ, ਸ਼ਹਿਰੀ ਆਬਾਦੀ ਦਾ ਲਗਭਗ 30 ਪ੍ਰਤੀਸ਼ਤ ਅਤੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੀ 15 ਪ੍ਰਤੀਸ਼ਤ ਆਬਾਦੀ ਹਾਈ ਬੀ.ਪੀ. ਅਤੇ ਹਾਰਟ ਅਟੈਕ ਤੋਂ ਪੀੜਤ ਹੈ।"
ਡਾ. ਸਚਿਨ ਬੰਸਲ ਨੇ ਕਿਹਾ ਕਿ ਜਿਵੇਂ-ਜਿਵੇਂ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਵਾਲੇ ਕਾਰਕ ਵਧ ਰਹੇ ਹਨ, ਤਿਵੇਂ-ਤਿਵੇਂ ਮੌਤ ਦਰ ਵੀ ਵਧ ਰਹੀ ਹੈ।
ਡਾ. ਅਰਜੁਨ ਜੋਸ਼ੀ ਨੇ ਕਿਹਾ, "ਟਾਈਪ 2 ਡਾਇਬਟੀਜ਼ ਤੋਂ ਪੀੜਤ ਮਰੀਜ਼ਾਂ ਵਿੱਚ ਆਮ ਆਬਾਦੀ ਦੀ ਤੁਲਨਾ ਵਿੱਚ ਦਿਲ ਦੇ ਰੋਗਾਂ ਦਾ ਖਤਰਾ 2 ਤੋਂ 3 ਗੁਣਾ ਵੱਧ ਹੁੰਦਾ ਹੈ। ਭਾਰਤ ਵਿੱਚ ਵਰਤਮਾਨ ਵਿੱਚ 100 ਮਿਲੀਅਨ ਲੋਕ ਸ਼ੂਗਰ ਤੋਂ ਪੀੜਤ ਹਨ ਅਤੇ 2035 ਤੱਕ ਇਹ ਸੰਖਿਆ ਵਧ ਕੇ 135 ਮਿਲੀਅਨ ਹੋਣ ਦੀ ਉਮੀਦ ਹੈ।"
ਡਾ. ਸਿਧਾਰਥ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪ੍ਰੀਵੈਂਟਿਵ ਹੈਲਥ ਕੇਅਰ 'ਤੇ ਤੁਰੰਤ ਜ਼ੋਰ ਦੇਣ ਦੀ ਲੋੜ ਹੈ। ਇਸ ਵਿੱਚ ਬੀਮਾਰੀ ਅਤੇ ਇਸ ਦੇ ਖਤਰੇ ਵਾਲੇ ਕਾਰਕਾਂ ਬਾਰੇ ਜਾਗਰੂਕਤਾ ਵਧਾਉਣਾ ਸ਼ਾਮਲ ਹੈ। ਵੱਡੇ ਪੱਧਰ 'ਤੇ ਜਾਗਰੂਕਤਾ ਪੈਦਾ ਕਰਨ ਲਈ ਜਨਤਕ ਸਿੱਖਿਆ ਪ੍ਰੋਗਰਾਮ, ਵਰਕਸ਼ਾਪਾਂ ਅਤੇ ਕਾਉਂਸਲਿੰਗ ਸੈਸ਼ਨ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ।
