ਗੜ੍ਹਸ਼ੰਕਰ, 25 ਅਕਤੂਬਰ 2026:- ਗੜ੍ਹਸ਼ੰਕਰ ਖੇਤਰ ਵਿੱਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਹਿੰਸਕ ਰੂਪ ਧਾਰ ਗਿਆ। ਇਸ ਮਾਮਲੇ ਵਿੱਚ ਘਰ ਵਿੱਚ ਦਾਖ਼ਲ ਹੋ ਕੇ ਕੁੱਟਮਾਰ, ਭੰਨਤੋੜ ਅਤੇ ਔਰਤ ਦੀ ਬੇਇੱਜ਼ਤੀ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਪੰਚਾਇਤ ਨਾਲ ਜ਼ਮੀਨ ਨੂੰ ਲੈ ਕੇ ਇਹ ਵਿਵਾਦ ਪੰਜਵੀਂ ਪੀੜ੍ਹੀ ਤੋਂ ਚੱਲ ਰਿਹਾ ਸੀ ਅਤੇ ਮਾਮਲਾ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵੀ ਵਿਚਾਰ ਅਧੀਨ ਰਿਹਾ ਹੈ। 23 ਅਕਤੂਬਰ 2026 ਦੀ ਰਾਤ ਕਰੀਬ 9 ਵਜੇ ਗੜ੍ਹਸ਼ੰਕਰ ਵਿੱਚ ਇੱਕ ਘਰ ’ਤੇ ਕਥਿਤ ਹਮਲਾ ਹੋਣ ਤੋਂ ਬਾਅਦ ਵਿਵਾਦ ਵਧ ਗਿਆ। ਇਲਜ਼ਾਮ ਹੈ ਕਿ ਬਿਸ਼ੰਬਰ ਕੁਮਾਰ ਪੁੱਤਰ ਕਰਮ ਚੰਦ, ਯਸ਼ਪਾਲ ਪੁੱਤਰ ਬਿਸ਼ੰਬਰ ਕੁਮਾਰ, ਅਮਿਤ ਕੁਮਾਰ ਪੁੱਤਰ ਦਰਸ਼ਨ ਲਾਲ, ਰਿਤੇਸ਼ ਕੁਮਾਰ ਪੁੱਤਰ ਰਜਿੰਦਰ ਕੁਮਾਰ, ਸੁਨੀਲ ਦੱਤ ਪੁੱਤਰ ਮੁਲਖ ਰਾਜ, ਸੰਨੀ ਕੁਮਾਰ ਪੁੱਤਰ ਸੁਨੀਲ ਦੱਤ, ਸੰਜੀਵ ਕੁਮਾਰ ਪੁੱਤਰ ਗੁਰਬਖਸ਼ ਰਾਏ, ਰਾਕੇਸ਼ ਕੁਮਾਰ ਪੁੱਤਰ ਤਰਲੋਕ ਚੰਦ ਅਤੇ ਨਿਤਿਸ਼ ਪੁੱਤਰ ਲਾਡੀ, ਸਾਰੇ ਵਾਸੀ ਗੜ੍ਹਸ਼ੰਕਰ, ਸਮੇਤ ਕੁਝ ਅਣਪਛਾਤੇ ਵਿਅਕਤੀਆਂ ਨੇ ਘਰ ਦੇ ਗੇਟ ਨੂੰ ਭੰਨ ਕੇ ਅੰਦਰ ਦਾਖ਼ਲ ਹੋ ਕੇ ਕੁੱਟਮਾਰ ਕੀਤੀ। ਇਲਜ਼ਾਮ ਹੈ ਕਿ ਘਰ ਅਤੇ ਬਾਹਰ ਪਏ ਖੋਖੇ ਦੀ ਵੀ ਭੰਨਤੋੜ ਕੀਤੀ ਗਈ ਅਤੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਗਈਆਂ। ਰੌਲਾ ਪੈਣ ’ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤਾਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।

ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੂੰ ਇਲਾਜ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਿਸ ਰਿਕਾਰਡ ਅਨੁਸਾਰ 23 ਅਕਤੂਬਰ ਨੂੰ ਹੀ ਥਾਣਾ ਗੜ੍ਹਸ਼ੰਕਰ ਦੇ ਮੁਨਸ਼ੀ ਨੂੰ ਲੜਾਈ-ਝਗੜੇ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਸੀ। 24 ਅਕਤੂਬਰ ਨੂੰ ਮੁੜ ਲੜਾਈ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ।

ਪੁਲਿਸ ਨੇ ਕਾਨੂੰਨੀ ਕਾਰਵਾਈ ਕਰਦਿਆਂ 25 ਅਕਤੂਬਰ 2026 ਨੂੰ ਥਾਣਾ ਗੜ੍ਹਸ਼ੰਕਰ ਵਿੱਚ ਪਹਿਲੀ ਸੂਚਨਾ ਰਿਪੋਰਟ (ਐਫ.ਆਈ.ਆਰ.) ਨੰਬਰ 0194 ਦਰਜ ਕੀਤੀ। ਇਹ ਐਫ.ਆਈ.ਆਰ. ਸ਼ਾਮ 15:50 ਵਜੇ ਦਰਜ ਹੋਈ, ਜਦਕਿ ਥਾਣੇ ਵਿੱਚ ਸੂਚਨਾ ਦੁਪਹਿਰ 14:40 ਵਜੇ ਪ੍ਰਾਪਤ ਹੋਈ ਸੀ। ਰੋਜ਼ਨਾਮਚੇ (ਜਨਰਲ ਡਾਇਰੀ) ਵਿੱਚ ਇਸ ਦੀ ਐਂਟਰੀ ਨੰਬਰ 011 ਤਹਿਤ 15:00 ਵਜੇ ਕੀਤੀ ਗਈ। ਮਾਮਲੇ ਵਿੱਚ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.), 2023 ਦੀਆਂ ਧਾਰਾਵਾਂ 115(2), 190, 351(2), 324(4) ਅਤੇ 79 ਤਹਿਤ ਕਾਰਵਾਈ ਕੀਤੀ ਗਈ ਹੈ।

ਪੁਲਿਸ ਨੇ ਮੈਡੀਕਲ ਜਾਂਚ ਲਈ ਮੈਡੀਕੋ-ਲੀਗਲ ਰਿਪੋਰਟ (ਐਮ.ਐਲ.ਆਰ.) ਨੰਬਰ GPS/55/GSR, ਮਿਤੀ 23-10-2026 ਹਾਸਲ ਕੀਤੀ ਹੈ, ਜਿਸ ਵਿੱਚ ਡਾਕਟਰ ਨੇ ਪੰਜ ਸੱਟਾਂ ਦਾ ਜ਼ਿਕਰ ਕੀਤਾ ਹੈ। ਡਾਕਟਰ ਤੋਂ ਫਿਟਨੈੱਸ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਨੂੰਨੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਗਈ। ਘਟਨਾ ਵਾਲੀ ਥਾਂ ਥਾਣਾ ਗੜ੍ਹਸ਼ੰਕਰ ਤੋਂ ਪੂਰਬ ਵੱਲ ਕਰੀਬ ਤਿੰਨ ਕਿਲੋਮੀਟਰ ਦੂਰ ਦੱਸੀ ਜਾ ਰਹੀ ਹੈ।

ਇਸ ਮਾਮਲੇ ਦੀ ਜਾਂਚ ਅਤੇ ਤਸਦੀਕ ਸਬ-ਇੰਸਪੈਕਟਰ (ਐਸ.ਆਈ.) ਕੌਸ਼ਲ ਚੰਦਰ ਅਤੇ ਥਾਣਾ ਮੁਖੀ ਦੇ ਨੁਮਾਇੰਦੇ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਰਾਜ ਕੁਮਾਰ ਨੰਬਰ 1594/HPR ਵੱਲੋਂ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।