ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਨਿਗਮ ਦੀ ਹੱਦ ਅੰਦਰ ਰਹਿਣ ਵਾਲੇ ਸਮੂਹ ਨਾਗਰਿਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਆਮ ਲੋਕਾਂ ਲਈ ਆਨਲਾਈਨ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ 30 ਨਵੰਬਰ 2026 ਤੱਕ ਚੱਲ ਰਹੀ ਹੈ। ਇਸ ਰਾਹੀਂ ਨਾਗਰਿਕ ਅਧਿਕਾਰਤ ਵੈੱਬ ਪੋਰਟਲ ਜਾਂ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਕਰਕੇ ਘਰ ਬੈਠੇ ਹੀ ਆਪਣੇ ਪਰਿਵਾਰ ਅਤੇ ਨਿੱਜੀ ਵੇਰਵੇ ਆਸਾਨੀ ਨਾਲ ਦਰਜ ਅਤੇ ਤਸਦੀਕ ਕਰ ਸਕਦੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਗਮ ਕਮਿਸ਼ਨਰ ਪ੍ਰੀਤਇੰਦਰ ਸਿੰਘ ਬੈਂਸ ਨੇ ਦੱਸਿਆ ਕਿ ਇਸ ਲੋਕ-ਪੱਖੀ ਡਿਜੀਟਲ ਪਹਿਲਕਦਮੀ ਦਾ ਮੁੱਖ ਉਦੇਸ਼ ਸ਼ਹਿਰ ਦੀ ਬਿਹਤਰ ਯੋਜਨਾਬੰਦੀ ਅਤੇ ਨਾਗਰਿਕ ਸਹੂਲਤਾਂ ਦੀ ਸੁਚਾਰੂ ਵਿਵਸਥਾ ਲਈ ਸਹੀ ਅਤੇ ਮੁਕੰਮਲ ਅੰਕੜੇ ਇਕੱਠੇ ਕਰਨਾ ਹੈ।

ਵਸਨੀਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਨਲਾਈਨ ਫਾਰਮ ਭਰਨ ਤੋਂ ਪਹਿਲਾਂ ਆਪਣੇ ਘਰ ਦੇ ਮੁੱਢਲੇ ਵੇਰਵੇ, ਪਛਾਣ ਪੱਤਰ ਅਤੇ ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਤਿਆਰ ਰੱਖਣ। ਜਾਣਕਾਰੀ ਸਫਲਤਾਪੂਰਵਕ ਦਰਜ ਕਰਨ ਤੋਂ ਬਾਅਦ ਪ੍ਰਾਪਤ ਹੋਈ ਸਵੈ-ਗਣਨਾ ਰੈਫਰੈਂਸ ਆਈਡੀ ਜਾਂ ਰਸੀਦ ਸੰਭਾਲ ਕੇ ਰੱਖਣ, ਤਾਂ ਜੋ ਅਗਲੇ ਪੜਾਅ ਦੌਰਾਨ ਘਰ-ਘਰ ਤਸਦੀਕ ਕਰਨ ਆਉਣ ਵਾਲੇ ਗਿਣਤੀਕਾਰ ਨੂੰ ਦਿਖਾਈ ਜਾ ਸਕੇ।

ਜਿਨ੍ਹਾਂ ਨਾਗਰਿਕਾਂ ਨੂੰ ਤਕਨੀਕੀ ਮੁਸ਼ਕਲਾਂ ਆਉਂਦੀਆਂ ਹਨ ਜਾਂ ਜਿਨ੍ਹਾਂ ਕੋਲ ਇੰਟਰਨੈੱਟ ਦੀ ਸਹੂਲਤ ਨਹੀਂ ਹੈ, ਉਨ੍ਹਾਂ ਦੀ ਮਦਦ ਲਈ ਨਗਰ ਨਿਗਮ ਦੇ ਦਫ਼ਤਰ ਵਿੱਚ ਕਮਰਾ ਨੰਬਰ 27-ਏ ਵਿਖੇ ਵਿਸ਼ੇਸ਼ ਹੈਲਪਡੈਸਕ ਸਥਾਪਤ ਕੀਤਾ ਗਿਆ ਹੈ। ਇੱਥੇ ਕੰਮਕਾਜ ਵਾਲੇ ਦਿਨਾਂ ਦੌਰਾਨ ਮੁਫ਼ਤ ਸੇਧ ਅਤੇ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਸ ਤੋਂ ਬਾਅਦ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਗਿਣਤੀਕਾਰ ਘਰ-ਘਰ ਜਾ ਕੇ ਜਨਗਣਨਾ ਕਰਨਗੇ ਅਤੇ ਲੋੜੀਂਦੇ ਵੇਰਵੇ ਇਕੱਠੇ ਕਰਨਗੇ।

ਕਮਿਸ਼ਨਰ ਵੱਲੋਂ ਸਮੂਹ ਨਿਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਨਿਰਧਾਰਤ ਸਮੇਂ ਅੰਦਰ ਆਪਣੀ ਸਵੈ-ਗਣਨਾ ਸਹੀ ਢੰਗ ਨਾਲ ਮੁਕੰਮਲ ਕਰਨ।