ਸੰਤੋਸ਼ਗੜ੍ਹ/ਊਨਾ, 10 ਅਕਤੂਬਰ (ਰਾਜਵੀਰ ਚੋਪੜਾ):- ਪੁਲਿਸ ਥਾਣਾ ਸਦਰ ਊਨਾ ਅਧੀਨ ਇੱਕ ਵਿਅਕਤੀ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਮਿਤੀ 05.10.26 ਨੂੰ ਸ਼ਾਮ ਸਮੇਂ ਸੰਤੋਸ਼ਗੜ੍ਹ ਵਿਖੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਉਸ ਦੀ ਮਾਤਾ ਜੀ ਦੇ ਗਲ ਵਿੱਚੋਂ ਸੋਨੇ ਦੀ ਚੇਨ ਖੋਹ ਕੇ ਫ਼ਰਾਰ ਹੋ ਗਏ।

ਸ਼ਿਕਾਇਤ ਮਿਲਣ ਉਪਰੰਤ ਜ਼ਿਲ੍ਹਾ ਪੁਲਿਸ ਊਨਾ ਵੱਲੋਂ ਭਾਰਤੀ ਨਿਆਂ ਸੰਹਿਤਾ (BNS) ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤਕਨੀਕੀ ਸਬੂਤਾਂ ਅਤੇ ਮਨੁੱਖੀ ਸੂਤਰਾਂ ਰਾਹੀਂ ਲਗਾਤਾਰ ਯਤਨ ਕੀਤੇ ਗਏ ਅਤੇ ਮੁਲਜ਼ਮ ਦੀ ਪਛਾਣ ਕੀਤੀ ਗਈ।

ਪੁਲਿਸ ਚੌਕੀ ਸੰਤੋਸ਼ਗੜ੍ਹ ਦੇ ਇੰਚਾਰਜ ਐਸਆਈ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਸੰਜੇ ਕੁਮਾਰ ਉਰਫ਼ ਬੱਬਲੂ, ਪੁੱਤਰ ਓਮ ਪ੍ਰਕਾਸ਼, ਵਾਸੀ ਪਿੰਡ ਅਹਿਮਦਗੜ੍ਹ, ਡਾਕਘਰ ਘਿੰਗਹਾਨਾ, ਤਹਿਸੀਲ ਕੇਹਰਾਨਾ, ਜ਼ਿਲ੍ਹਾ ਸ਼ਾਮਲੀ (ਉੱਤਰ ਪ੍ਰਦੇਸ਼) ਨੂੰ ਮਿਤੀ 10.10.2026 ਨੂੰ ਅਹਿਮਦਗੜ੍ਹ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।