ਚੰਡੀਗੜ੍ਹ, 14 ਅਕਤੂਬਰ:- ਹਰਿਆਣਾ ਦੇ ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੂਬੇ ਵਿੱਚ ਦੁਧਾਰੂ ਪਸ਼ੂਆਂ ਲਈ ਉੱਨਤ ਚਾਰੇ ਦੇ ਬੀਜਾਂ ਦਾ ਪ੍ਰਬੰਧ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ, ਤਾਂ ਜੋ ਲੋਕਾਂ ਨੂੰ ਚੰਗੀ ਗੁਣਵੱਤਾ ਵਾਲਾ ਦੁੱਧ ਮਿਲ ਸਕੇ। ਇਸ ਲਈ ਉਨ੍ਹਾਂ ਨੇ ਕੋਈ ਨੀਤੀ ਬਣਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਦੇ ਵੀ ਨਿਰਦੇਸ਼ ਦਿੱਤੇ।

ਸ਼੍ਰੀ ਰਾਣਾ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿੱਚ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ, ਲੁਵਾਸ ਯੂਨੀਵਰਸਿਟੀ, ਪਸ਼ੂਧਨ ਵਿਕਾਸ ਬੋਰਡ ਅਤੇ ਹਰਿਆਣਾ ਗਊ ਸੇਵਾ ਆਯੋਗ ਦੇ ਸੀਨੀਅਰ ਅਧਿਕਾਰੀਆਂ ਦੀ ਬੈਠਕ ਦੀ ਪ੍ਰਧਾਨਗੀ ਕਰ ਰਹੇ ਸਨ। ਬੈਠਕ ਵਿੱਚ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਪ੍ਰਧਾਨ ਸਕੱਤਰ ਸ਼੍ਰੀ ਵਿਜੇ ਸਿੰਘ ਦਹੀਆ, ਨਿਰਦੇਸ਼ਕ ਡਾ. ਪ੍ਰੇਮ ਸਿੰਘ, ਲੁਵਾਸ ਯੂਨੀਵਰਸਿਟੀ ਹਿਸਾਰ ਦੇ ਉਪ-ਕੁਲਪਤੀ ਡਾ. ਵਿਨੋਦ ਕੁਮਾਰ ਵਰਮਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।

ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਦੁਧਾਰੂ ਪਸ਼ੂਆਂ ਨੂੰ ਅਜਿਹਾ ਚਾਰਾ ਖੁਆਉਣਾ ਚਾਹੀਦਾ ਹੈ ਜੋ ਰਸਾਇਣਕ ਖਾਦਾਂ ਅਤੇ ਦਵਾਈਆਂ ਨਾਲ ਤਿਆਰ ਨਾ ਕੀਤਾ ਗਿਆ ਹੋਵੇ, ਕਿਉਂਕਿ ਡੀ.ਏ.ਪੀ., ਯੂਰੀਆ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਨਾਲ ਚਾਰਾ ਜ਼ਹਿਰੀਲਾ ਹੋ ਜਾਂਦਾ ਹੈ ਅਤੇ ਉਸ ਚਾਰੇ ਦੇ ਰਸਾਇਣ ਦੁੱਧ ਪੀਣ ਵਾਲੇ ਲੋਕਾਂ ਦੇ ਸਰੀਰ ਵਿੱਚ ਪਹੁੰਚ ਜਾਂਦੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪਸ਼ੂ ਪਾਲਕਾਂ ਨੂੰ ਜੈਵਿਕ ਅਤੇ ਕੁਦਰਤੀ ਖਾਦ ਨਾਲ ਚਾਰਾ ਤਿਆਰ ਕਰਨ ਲਈ ਉਤਸ਼ਾਹਿਤ ਕਰਨ ਅਤੇ ਨਾਲ ਹੀ ਉੱਨਤ ਕਿਸਮ ਦੇ ਬੀਜ ਵੀ ਉਪਲਬਧ ਕਰਵਾਉਣ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਇਸ ਲਈ ਨੀਤੀ ਵੀ ਬਣਾਈ ਜਾ ਸਕਦੀ ਹੈ।

ਸ਼੍ਰੀ ਰਾਣਾ ਨੇ ਇਹ ਵੀ ਕਿਹਾ ਕਿ ਦੇਸੀ ਗਾਵਾਂ ਦੀ ਡੇਅਰੀ ਖੋਲ੍ਹਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਸਬਸਿਡੀ ਨਾਲ ਸਬੰਧਤ ਯੋਜਨਾ ਤਿਆਰ ਕੀਤੀ ਜਾਵੇ। ਇਸ ਨਾਲ ਜਿੱਥੇ ਦੇਸੀ ਨਸਲਾਂ ਦੀ ਸੰਭਾਲ ਅਤੇ ਸੁਧਾਰ ਵਿੱਚ ਮਦਦ ਮਿਲੇਗੀ, ਉੱਥੇ ਹੀ ਗਊਮੂਤਰ ਤੋਂ ਤਿਆਰ ਜੀਵਾਮ੍ਰਿਤ ਨੂੰ ਕੁਦਰਤੀ ਖੇਤੀ ਵਿੱਚ ਖਾਦ ਵਜੋਂ ਵਰਤਿਆ ਜਾ ਸਕੇਗਾ।

ਉਨ੍ਹਾਂ ਨੇ ਪਿੰਡਾਂ ਦੇ ਪਸ਼ੂਆਂ ਲਈ ਪੰਚਾਇਤੀ ਜ਼ਮੀਨ ’ਤੇ “ਡੇਅ-ਬੋਰਡਿੰਗ ਪਸ਼ੂ ਹੋਸਟਲ” ਵਰਗੀ ਯੋਜਨਾ ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ, ਤਾਂ ਜੋ ਪਿੰਡ ਦੇ ਪਸ਼ੂ ਦਿਨ ਵੇਲੇ ਇਸ ਹੋਸਟਲ ਦੀ ਚਾਰਦੀਵਾਰੀ ਅੰਦਰ ਚਰਾਗਾਹ ਵਾਂਗ ਘੁੰਮ ਸਕਣ ਅਤੇ ਰਾਤ ਨੂੰ ਪਸ਼ੂ ਪਾਲਕ ਉਨ੍ਹਾਂ ਨੂੰ ਆਪਣੇ ਘਰ ਲੈ ਜਾ ਸਕਣ।

ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਨੇ ਵਿਭਾਗ ਨਾਲ ਸਬੰਧਤ “ਮੁੱਖ ਮੰਤਰੀ ਐਲਾਨਾਂ” ਅਤੇ “ਬਜਟ ਐਲਾਨਾਂ” ਦੀ ਵੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਸਾਰੇ ਐਲਾਨ ਨਿਰਧਾਰਤ ਸਮੇਂ ਅੰਦਰ ਪੂਰੇ ਕਰਨ ਦੇ ਨਿਰਦੇਸ਼ ਦਿੱਤੇ।