ਨਵਾਂਸ਼ਹਿਰ, 29 ਮਾਰਚ- ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸੈਸ਼ਨ 2024- 25 ਲਈ ਨੈਸ਼ਨਲ ਮੀਨਸ ਕੰਮ ਮੈਰਿਟ ਸਕਾਲਰਸ਼ਿਪ ਪ੍ਰੀਖਿਆ ਅਤੇ ਪੰਜਾਬ ਰਾਜ ਖੋਜ ਪ੍ਰੀਖਿਆ ਦੀ ਸਾਂਝੀ ਪ੍ਰੀਖਿਆ ਮਿਤੀ ਦੋ ਫਰਵਰੀ 2025 ਨੂੰ ਆਯੋਜਿਤ ਕੀਤੀ ਗਈ ਸੀ। ਪੰਜਾਬ ਰਾਜ ਵਿੱਚ ਇਹ ਪ੍ਰੀਖਿਆ ਅਮਨਿੰਦਰ ਕੌਰ  ਡਾਇਰੈਕਟਰ ਐਸ.ਸੀ. ਈ. ਆਰ. ਟੀ. ਪੰਜਾਬ ਦੀ  ਦੀ ਯੋਗ ਅਗਵਾਈ ਹੇਠ ਕਰਵਾਈ ਗਈ ਸੀ। 
ਇਹ ਪ੍ਰੀਖਿਆ ਪੂਰੇ ਰਾਜ ਵਿੱਚ ਸਹਾਇਕ ਡਾਇਰੈਕਟਰ ਸੀਮਾ ਖੇੜਾ ਦੀ ਰਹਿਨੁਮਾਈ ਹੇਠ ਕਰਵਾਈ ਗਈ ਜਿਸ ਦਾ ਨਤੀਜਾ ਅੱਜ ਐਲਾਨਿਆ ਗਿਆ। ਇਸ ਪ੍ਰੀਖਿਆ ਦੇ ਸਟੇਟ ਨੋਡਲ ਅਫਸਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਇਸ ਪ੍ਰੀਖਿਆ ਲਈ 47,534 ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ ਸੀ। 
ਇਸ ਪ੍ਰੀਖਿਆ ਲਈ ਪੂਰੇ ਪੰਜਾਬ ਰਾਜ ਵਿੱਚ ਕੁੱਲ 155 ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਕੁੱਲ 42,554 ਵਿਦਿਆਰਥੀ ਇਸ ਪ੍ਰੀਖਿਆ ਵਿੱਚ ਬੈਠੇ। ਜਿਸ ਵਿੱਚੋਂ ਮਨਿਸਟਰੀ ਆਫ ਐਜੂਕੇਸ਼ਨ ਵੱਲੋਂ ਪੰਜਾਬ ਨੂੰ ਅਲਾਟ 2210 ਵਿਦਿਆਰਥੀਆਂ ਦੀ ਚੋਣ ਮੈਰਿਟ ਦੇ ਅਧਾਰ ਤੇ ਕੀਤੀ ਗਈ ਹੈ। ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ 12,000 ਰੁਪਏ ਪ੍ਰਤੀ ਸਾਲ ਚਾਰ ਸਾਲਾਂ ਵਿੱਚ ਕੁੱਲ 48 ਹਜਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ। 
ਨਤੀਜਾ ਘੋਸ਼ਿਤ ਕਰਨ ਮੌਕੇ ਉਕਤ ਤੋਂ ਬਿਨਾਂ ਦਫਤਰ ਐਸ.ਸੀ.ਈ.ਆਰ.ਟੀ. ਵੱਲੋਂ ਸ਼੍ਰੀਮਤੀ ਗੁਰਵੀਰ ਕੌਰ ਸਟੇਟ ਕੋਆਰਡੀਨੇਟਰ ਮੌਜੂਦ ਰਹੇ। ਮੈਡਮ ਗੁਰਵੀਰ ਕੌਰ ਨੇ ਮੈਰਿਟ ਵਿੱਚ ਆਏ ਵਿਦਿਆਰਥੀਆਂ ਦੇ ਮਾਪਿਆਂ ਅਤੇ ਉਹਨਾਂ ਦੇ ਅਧਿਆਪਕਾਂ ਨੂੰ ਇਹਨਾਂ ਵਿਦਿਆਰਥੀਆਂ ਦਾ ਵਜ਼ੀਫਾ NSP ਪੋਰਟਲ ਖੁੱਲਣ ਤੇ ਜਰੂਰ ਅਪਲਾਈ ਕਰਨ ਲਈ ਕਿਹਾ।