ਐਸ ਏ ਐਸ ਨਗਰ, 5 ਦਸੰਬਰ - ਬੀਤੇ ਦਿਨ ਏਅਰਪਰੋਟ ਰੋਡ ਤੇ ਆਪਣੀ ਮਹਿੰਗੀ ਕਾਰ ਦੀ ਡਿੱਗੀ ਤੇ ਸ਼ਾਟ ਬੰਬ ਰੱਖ ਕੇ ਚਲਾਉਣ ਵਾਲੇ ਰਵੀਤ ਕਪੂਰ ਨਾਮ ਦੇ ਵਿਅਕਤੀ ਨੂੰ ਪੁਲੀਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲੀਸ ਵਲੋਂ ਇਸ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸਦਾ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ।
ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਬੀਤੀ 2 ਦਸੰਬਰ ਨੂੰ ਪੁਲੀਸ ਨੂੰ ਸ਼ਿਕਾਇਤ ਮਿਲੀ ਸੀ ਕਿ ਇੱਕ ਵਿਅਕਤੀ ਆਪਣੀ ਕਾਰ ਨੰਬਰ ਕਾਰ ਯੂ ਕੇ 07 ਡੀ ਐਨ 5000 ਦੀ ਡਿੱਗੀ ਉੱਪਰ ਸ਼ੋਟ ਬੰਬ ਰੱਖ ਕੇ ਸੁਹਾਣਾ ਤੋਂ ਏਅਰਪੋਰਟ ਰੋਡ ਵੱਲ ਜਾ ਰਿਹਾ ਹੈ, ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਵਿਅਕਤੀ ਵਲੋਂ ਆਪਣੀ ਮਹਿੰਗੀ ਕਾਰ ਦੇ ਪਿਛਲੇ ਪਾਸੇ ਡਿੱਗੀ ਦੇ ਉੱਪਰ ਸ਼ਾਟ ਬੰਬ ਦਾ ਡੱਬਾ ਫਿੱਟ ਕੀਤਾ ਹੋਇਆ ਸੀ ਜਿਸ ਵਿੱਚੋਂ ਲਗਾਤਾਰ ਬੰਬ ਅਤੇ ਆਤਿਸ਼ਬਾਜੀ ਚਲ ਰਹੀ ਸੀ ਅਤੇ ਇਸ ਕਾਰਨ ਹੋਰਨਾਂ ਲੋਕਾਂ ਲਈ ਖਤਰਾ ਪੈਦਾ ਹੋ ਸਕਦਾ ਸੀ।
ਉਹਨਾਂ ਦੱਸਿਆ ਕਿ ਪੁਲੀਸ ਵਲੋਂ ਇਸ ਵਿਅਕਤੀ ਦੇ ਖਿਲਾਫ ਆਈ ਪੀ ਸੀ ਦੀ ਧਾਰਾ 336, 283 ਅਧੀਨ ਮਾਮਲਾ ਦਰਜ ਕਰਕੇ ਮਾਮਲ ਦੀ ਜਾਂਚ ਆਰੰਭ ਕੀਤੀ ਸੀ ਜਿਸਤੋਂ ਬਾਅਦ ਇਸ ਵਿਅਕਤੀ ਦੀ ਪਹਿਚਾਣ ਕਰਕੇ ਇਸਨੂੰ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਵਿਅਕਤੀ ਦੀ ਪਹਿਚਾਣ ਰਵੀਤ ਕਪੂਰ ਵਾਸੀ ਦੇਸੂਮਾਜਰਾ, ਹਾਲ ਵਾਸੀ ਹੋਮਲੈਂਡ ਸੈਕਗਟਰ 70 ਵਜੋਂ ਹੋਈ ਹੈ।
ਉਹਨਾਂ ਦੱਸਿਆ ਕਿ ਇਸ ਦੌਰਾਨ ਘਟਨਾ ਵਾਲੇ ਦਿਨ ਇੱਕ ਸਕੂਟੀ ਤੇ ਜਾ ਰਹੇ ਇੱਕ ਵਿਅਕਤੀ ਵਲੋਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਕਿ ਇਸ ਵਿਅਕਤੀ ਵਲੋਂ ਚਲਾਏ ਜਾਂਦੇ ਬੰਬਾ ਦੀ ਚੰਗਿਆੜੀ ਉਸਦੇ ਕਪੜਿਆਂ ਤੇ ਡਿੱਗਣ ਕਾਰਨ ਉਸਦੇ ਕਪੜਿਆਂ ਨੂੰ ਵੀ ਅੱਗ ਲੱਗ ਗਈ ਸੀ ਜਿਸਤੋਂ ਬਾਅਦ ਇਸ ਵਿਅਕਤੀ ਦੇ ਖਿਲਾਫ ਦਰਜ ਮਾਮਲੇ ਵਿੱਚ ਆਈ ਪੀ ਸੀ ਦੀ ਧਾਰਾ 308 ਅਤੇ 188 ਦਾ ਵਾਧਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸਦਾ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਪੁਲੀਸ ਵਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਜੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਅਜਿਹੇ ਵਿਅਕਤੀਆਂ ਦੇ ਖਿਲਾਫ ਸਖਤ ਕਰਵਾਈ ਕੀਤੀ ਜਾ ਹੀ ਹੈ ਜਿਹੜੇ ਆਪਣੀਆਂ ਕਾਰਗਵਾਈਆਂ ਨਾਲ ਹੋਰਨਾਂ ਵਿਅਕਤੀਆਂ ਵਾਸਤੇ ਖਤਰਾ ਪੈਦਾ ਕਰਦੇ ਹਨ।
