ਨਵਾਂਸ਼ਹਿਰ/ਕਾਠਗੜ੍ਹ, 30 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ):- ਕਰਵਾ ਚੌਥ ਦਾ ਪਾਵਨ ਅਤੇ ਪਵਿੱਤਰ ਤਿਉਹਾਰ ਦੇਸ਼ ਭਰ ਵਾਂਗ ਕਸਬਾ ਕਾਠਗੜ੍ਹ ਵਿਖੇ ਵੀ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਕਸਬੇ ਵਿੱਚ ਪੂਰੀ ਚਹਿਲ-ਪਹਿਲ ਦੇਖਣ ਨੂੰ ਮਿਲੀ। ਸੁਹਾਗਣ ਔਰਤਾਂ ਸੱਜ-ਧੱਜ ਕੇ, ਹੱਥਾਂ ਵਿੱਚ ਮਹਿੰਦੀ ਰਚਾ ਕੇ ਅਤੇ ਪੂਜਾ ਦੀਆਂ ਥਾਲੀਆਂ ਲੈ ਕੇ ਪੂਜਾ ਅਸਥਾਨਾਂ ’ਤੇ ਪਹੁੰਚੀਆਂ।

ਇਸ ਮੌਕੇ ਕਸਬਾ ਕਾਠਗੜ੍ਹ ਵਿਖੇ ਪ੍ਰਿੰਸੀਪਲ ਪ੍ਰੇਮ ਪ੍ਰਕਾਸ਼ ਸ਼ਰਮਾ ਦੇ ਨਿਵਾਸ ਅਸਥਾਨ ’ਤੇ ਪੂਜਾ-ਅਰਚਨਾ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ। ਸਾਰੀਆਂ ਔਰਤਾਂ ਹੱਥਾਂ ਵਿੱਚ ਪੂਜਾ ਦੀਆਂ ਥਾਲੀਆਂ ਅਤੇ ਹੋਰ ਸਮੱਗਰੀ ਲੈ ਕੇ ਉੱਥੇ ਪਹੁੰਚੀਆਂ। ਇੱਕ ਸੀਨੀਅਰ ਔਰਤ ਵੱਲੋਂ ਮਾਤਾ ਗੌਰਜਾ ਦਾ ਸਿਮਰਨ ਕੀਤਾ ਗਿਆ ਅਤੇ ਆਰਤੀ ਉਤਾਰੀ ਗਈ। ਇਸ ਤੋਂ ਬਾਅਦ ਸਾਰੀਆਂ ਸੁਹਾਗਣਾਂ ਨੇ ਇਕੱਠਿਆਂ ਹੋ ਕੇ ਆਪਣੇ ਸੁਹਾਗ ਦੀ ਮੰਗਲ ਕਾਮਨਾ ਕੀਤੀ।

ਪੂਜਾ ਦੌਰਾਨ ਕਰਵਾ ਚੌਥ ਦੀ ਕਥਾ ਸੁਣਾਈ ਗਈ, ਜਿਸ ਨੂੰ ਸਾਰੀਆਂ ਔਰਤਾਂ ਨੇ ਬੜੀ ਸ਼ਰਧਾ ਨਾਲ ਸੁਣਿਆ। ਦਿਨ ਭਰ ਨਿਰਜਲ ਵਰਤ ਰੱਖਣ ਤੋਂ ਬਾਅਦ ਰਾਤ ਨੂੰ ਚੰਦ ਦੇ ਦਰਸ਼ਨ ਕੀਤੇ ਗਏ। ਔਰਤਾਂ ਨੇ ਛਾਨਣੀ ਰਾਹੀਂ ਚੰਨ ਨੂੰ ਦੇਖ ਕੇ ਜਲ ਦੀ ਅਰਘ ਦਿੱਤੀ ਅਤੇ ਫਿਰ ਪਤੀਆਂ ਨੇ ਪਾਣੀ ਜਾਂ ਜੂਸ ਪਿਲਾ ਕੇ ਉਨ੍ਹਾਂ ਦੇ ਵਰਤ ਖੁਲ੍ਹਵਾਏ।

ਇਸ ਮੌਕੇ ਮਾਹੌਲ ਪੂਰੀ ਤਰ੍ਹਾਂ ਭਗਤੀ, ਪਿਆਰ ਅਤੇ ਆਪਸੀ ਸਾਂਝ ਨਾਲ ਭਰਿਆ ਹੋਇਆ ਸੀ। ਔਰਤਾਂ ਨੇ ਇੱਕ-ਦੂਜੇ ਨੂੰ ਕਰਵਾ ਚੌਥ ਦੀਆਂ ਵਧਾਈਆਂ ਦਿੱਤੀਆਂ ਅਤੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ।