ਬਲਾਚੌਰ, 24 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਥਾਣਾ ਕਾਠਗੜ੍ਹ ਪੁਲਿਸ ਨੇ ਹਾਈਟੈੱਕ ਨਾਕੇ ’ਤੇ ਚੈਕਿੰਗ ਦੌਰਾਨ ਨਾਜਾਇਜ਼ ਸ਼ਰਾਬ ਦੀ ਖੇਪ ਫੜੀ ਹੈ। ਪੁਲਿਸ ਨੇ ਕਾਰ ਦੀ ਡਿੱਗੀ ਵਿੱਚੋਂ ਸ਼ਰਾਬ ਦੀਆਂ 12 ਬੋਤਲਾਂ ਬਰਾਮਦ ਕਰਕੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਅਨੁਸਾਰ 23-11-2026 ਨੂੰ ਪੁਲਿਸ ਪਾਰਟੀ ਨਾਕਾਬੰਦੀ ’ਤੇ ਤਾਇਨਾਤ ਸੀ। ਇਸ ਦੌਰਾਨ ਚਿੱਟੇ ਰੰਗ ਦੀ ਕਾਰ ਨੰਬਰ ਪੀਬੀ20ਡੀ5921, ਮਾਰਕਾ ਨੇਕਸਨ, ਆਉਂਦੀ ਦਿਖਾਈ ਦਿੱਤੀ। ਚਾਲਕ ਨੇ ਅੱਗੇ ਕਰੀਬ 100 ਮੀਟਰ ਦੀ ਦੂਰੀ ’ਤੇ ਲੱਗੇ ਹਾਈਟੈੱਕ ਨਾਕੇ ਨੂੰ ਦੇਖ ਕੇ ਕਾਰ ਰੋਕ ਲਈ। ਕਾਰ ਰੁਕਦਿਆਂ ਹੀ ਪੁਲਿਸ ਨੂੰ ਸ਼ੱਕ ਹੋ ਗਿਆ।
ਸ਼ੱਕ ਦੇ ਆਧਾਰ ’ਤੇ ਪੁਲਿਸ ਨੇ ਕਾਰ ਦੀ ਤਲਾਸ਼ੀ ਲਈ ਤਾਂ ਡਿੱਗੀ ਵਿੱਚੋਂ ਰਾਇਲ ਸਟੈਗ ਵਿਸਕੀ ਦੀਆਂ 12 ਬੋਤਲਾਂ ਬਰਾਮਦ ਹੋਈਆਂ। ਹਰੇਕ ਬੋਤਲ 750 ਐਮ.ਐਲ. ਦੀ ਸੀ ਅਤੇ ਉਨ੍ਹਾਂ ’ਤੇ “ਫੋਰ ਸੇਲ ਇਨ ਪੰਜਾਬ ਓਨਲੀ” ਲਿਖਿਆ ਹੋਇਆ ਸੀ।
ਪੁੱਛਗਿੱਛ ਦੌਰਾਨ ਕਾਰ ਚਾਲਕ ਨੇ ਆਪਣਾ ਨਾਮ ਰਜਿੰਦਰ ਬਹਾਦਰ ਪੁੱਤਰ ਲੇਖ ਬਹਾਦਰ, ਵਾਸੀ ਰੇਲਮਾਜਰਾ, ਥਾਣਾ ਕਾਠਗੜ੍ਹ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ।
ਪੁਲਿਸ ਨੇ ਕਥਿਤ ਮੁਲਜ਼ਮ ਖ਼ਿਲਾਫ਼ ਮੁਕੱਦਮਾ ਨੰਬਰ 197 ਮਿਤੀ 23-11-2026, ਧਾਰਾ 61 ਐਕਸਾਈਜ਼ ਐਕਟ ਤਹਿਤ ਥਾਣਾ ਕਾਠਗੜ੍ਹ ਵਿੱਚ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
