ਨਵਾਂਸ਼ਹਿਰ, 21 ਮਾਰਚ:- ਚਰਨਛੋਹ ਗੰਗਾ ਸ੍ਰੀ ਖ਼ੁਰਾਲਗੜ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਗੁਰੂ ਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਕੀਤੇ ਜਾ ਰਹੇ ਉਪਰਾਲਿਆਂ ਨੂੰ ਇਕ ਸ਼ਲਾਘਾਯੋਗ ਉੱਦਮ ਹੀ ਕਿਹਾ ਜਾ ਸਕਦਾ ਹੈ। ਜਿਸ ਨਾਲ ਦੇਸ਼-ਵਿਦੇਸ਼ ਤੋਂ ਪਹੁੰਚ ਰਹੀਆਂ ਸੰਗਤਾਂ ਨੂੰ ਵੱਡੀ ਰਾਹਤ ਪ੍ਰਾਪਤ ਹੋਵੇਗੀ। ਇਹ ਵਿਚਾਰ ਨਵਾਂਸ਼ਹਿਰ ਹਲਕੇ ਤੋਂ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਵਿਧਾਇਕ ਸ੍ਰੀ ਨਛੱਤਰ ਪਾਲ ਵਿਸ਼ੇਸ਼ ਤੌਰ ਤੇ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਚਰਨਛੋਹ ਗੰਗਾ ਅੰਮਿ੍ਤਕੁੰਡ ਸੱਚਖੰਡ ਸ੍ਰੀ ਖ਼ੁਰਾਲਗੜ੍ਹ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਸਨ।
ਉਨ੍ਹਾਂ ਆਖਿਆ ਕਿ 11 ਅਪ੍ਰੈਲ ਨੂੰ ਦਲਿਤ ਪੱਛੜੀਆਂ ਸ਼੍ਰੇਣੀਆਂ ਅਤੇ ਉੱਚ ਵਰਗਾਂ ਵਲੋਂ ਲਤਾੜੇ ਹੋਏ ਲੋਕਾਂ ਨੂੰ ਸਿੱਖਿਆ ਪ੍ਰਦਾਨ ਕਰਨ ਵਾਲੇ ਯੁੱਗ ਪੁਰਸ਼ ਮਹਾਤਮਾ ਜੋਤੀਬਾ ਰਾਓ ਫੂਲੇ ਜੀ, 12-13 ਅਪ੍ਰੈਲ ਨੂੰ ਅੰਮਿ੍ਤਧਾਰਾ ਪ੍ਰਗਟ ਦਿਵਸ ਅਤੇ 14 ਅਪ੍ਰੈਲ ਨੂੰ ਗ਼ਰੀਬਾਂ ਦੇ ਮਸੀਹਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ ਜਨਮ ਦਿਨ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਅਤੇ ਸੰਗਤਾਂ ਦੀ ਆਮਦ ਨੂੰ ਵੇਖਦਿਆਂ ਹੋਇਆਂ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਅਤੇ ਉਨ੍ਹਾਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਤਾਂ ਕਿ ਕਿਸੇ ਵੀ ਸ਼ਰਧਾਲੂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਆਖਿਆ ਕਿ ਪਿਛਲੇ ਸਾਲਾਂ 'ਚ ਸੰਗਤਾਂ ਵਾਸਤੇ ਟੈਂਟ ਲਗਾਇਆ ਜਾਂਦਾ ਸੀ ਮੀਂਹ ਹਨ੍ਹੇਰੀ ਕਾਰਣ ਸੰਗਤਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਸਮੱਸਿਆ ਦਾ ਪੱਕਾ ਹੱਲ੍ਹ ਕਰਦਿਆਂ ਪ੍ਰਬੰਧਕ ਕਮੇਟੀ ਵਲੋਂ 65 ਵਾਈ ਸੌ ਫੁੱਟ ਸ਼ੈੱਡ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਸ਼ੈੱਡ ਦਾ ਹੋਰ ਵਿਸਥਾਰ ਕਰਨ ਲਈ ਪ੍ਰਬੰਧਕ ਕਮੇਟੀ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਜਾਵੇ ਤਾਂ ਕਿ ਗੁਰੂ ਘਰ ਆਉਂਣ ਵਾਲੀਆਂ ਸੰਗਤਾਂ ਬੇਫ਼ਿਕਰ ਹੋਕੇ 4 ਦਿਨ ਦੇ ਸਮਾਗਮਾਂ ਦਾ ਆਨੰਦ ਮਾਣ ਸਕਣ। ਇਸ ਮੌਕੇ ਤੇ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਆਖਿਆ ਕਿ ਇਹ ਸ਼ੈੱਡ ਲਈ ਮੰਡੀ ਗੋਬਿੰਦਗੜ੍ਹ ਸਮੇਤ ਸਮੂਹ ਸੰਗਤਾਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ ਜਦਕਿ ਇਸ ਦੇ ਵਿਸਥਾਰ ਲਈ ਸਮੂਹ ਸੰਗਤ ਜਿਹੜੀ ਤਿਲਫੁਲ ਅਰਪਣ ਕਰ ਸਕਦੀ ਹੈ ਉਸ ਨੂੰ ਅਪੀਲ ਹੈ ਕਿ ਬਣਦਾ ਸਹਿਯੋਗ ਕਰਨ।
ਉਨ੍ਹਾਂ ਕਿਹਾ ਕਿ ਵਿਧਾਇਕ ਨਛੱਤਰ ਪਾਲ ਦੇ ਪਿਤਾ ਦਾ 1983 ਤੋਂ ਇਸ ਸਥਾਨ ਲਈ ਵਿਸ਼ੇਸ਼ ਸਹਿਯੋਗ ਰਿਹਾ ਹੈ ਖ਼ਾਸ ਕਰਕੇ ਰਾਹੋਂ ਨਵਾਂਸ਼ਹਿਰ ਦੀਆਂ ਸੰਗਤਾਂ ਵੱਧ ਚੜ੍ਹਕੇ ਬਣਦਾ ਸਹਿਯੋਗ ਪਾਉਂਦੀਆਂ ਰਹੀਆਂ ਹਨ ਅਤੇ ਹੁਣ ਪੰਜਾਬ ਤੋਂ ਇਲਾਵਾ ਭਾਰਤ ਪੱਧਰ ਅਤੇ ਵਿਦੇਸ਼ ਦੀਆਂ ਸੰਗਤਾਂ ਵੀ ਇਸ ਸਥਾਨ ਤੇ ਆਉਣ ਵਾਲੀਆਂ ਸੰਗਤਾਂ ਲਈ ਵਿਸ਼ੇਸ਼ ਪ੍ਰਬੰਧ ਕਰ ਰਹੀਆਂ ਹਨ। ਉਨ੍ਹਾ ਕਿਹਾ ਕਿ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਸਮੱਸਿਆ ਨਹੀਂ ਆਉਂਣ ਦਿੱਤੀ ਜਾਵੇਗੀ।
ਇਸ ਮੌਕੇ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਸਰਬਜੀਤ ਜਾਫ਼ਰਪੁਰ, ਐਡਵੋਕੇਟ ਮੁਕੇਸ਼ ਬਾਲੀ, ਮੁਖਤਿਆਰ ਮੁੱਖਾ ਸ਼ਹਿਰੀ ਪ੍ਰਧਾਨ ਰਾਹੋਂ, ਪ੍ਰੈੱਸ ਸਕੱਤਰ ਗੁਰਬਖਸ਼ ਸਿੰਘ ਮਹੇ, ਦਿਆਲ ਚੰਦ ਬੰਗਾ ਸੈਕਟਰੀ ਪੰਜਾਬ, ਸੰਤ ਗਿਰਧਾਰੀ ਲਾਲ, ਜਗਦੀਸ਼ ਕੁਮਾਰ, ਮਨਜੀਤ ਮੁੱਗੋਵਾਲ, ਸੰਤ ਕਰਮ ਚੰਦ, ਹਿਮਾਚਲ ਤੋਂ ਪਿੰਕਾ, ਸੁਖਚੈਨ ਕਾਲਾ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਪੰਜਾਬ, ਮਿਸਤਰੀ ਨਰਿੰਦਰ ਸਮੇਤ ਹੋਰ ਬਹੁਤ ਸਾਰੀਆਂ ਸੰਗਤਾਂ ਹਾਜਰ ਸਨ।
ਚਰਨਛੋਹ ਗੰਗਾ ਸ੍ਰੀ ਖ਼ੁਰਾਲਗੜ੍ਹ ਸਾਹਿਬ ਵਿਖੇ ਸੰਗਤਾਂ ਵਾਸਤੇ ਹੋ ਰਹੇ ਵੱਡੇ ਉਪਰਾਲੇ ਸ਼ਲਾਘਾਯੋਗ ਉੱਦਮਵਿਧਾਇਕ ਨਛੱਤਰ ਪਾਲ
