ਚੰਡੀਗੜ੍ਹ, 11 ਅਕਤੂਬਰ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ (ਪੰਜਾਬ) ਦੇ ਪ੍ਰਾਚੀਨ ਸ਼ਿਵ ਮੰਦਰ ਪਰਿਸਰ ਵਿੱਚ ਮਹਾਰਾਜਾ ਅਗਰਸੈਨ ਜੀ ਦੀ 5150ਵੀਂ ਜਯੰਤੀ ਦੇ ਪਾਵਨ ਮੌਕੇ ’ਤੇ ਯੁਵਾ ਅਗਰਵਾਲ ਸਭਾ ਵੱਲੋਂ ਕਰਵਾਏ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਉਨ੍ਹਾਂ ਨੇ ਅਹਿੰਸਾ, ਸਮਾਜਵਾਦ ਅਤੇ ਕਰੁਣਾ ਦੇ ਪ੍ਰਤੀਕ ਮਹਾਰਾਜਾ ਅਗਰਸੈਨ ਜੀ ਦੇ ਚਰਨਾਂ ਵਿੱਚ ਸ਼ਤ-ਸ਼ਤ ਨਮਨ ਕਰਦਿਆਂ ਸਮੂਹ ਦੇਸ਼ ਵਾਸੀਆਂ ਨੂੰ ਜਯੰਤੀ ਅਤੇ ਨਵਰਾਤਰਿਆਂ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਜਾ ਅਗਰਸੈਨ ਜੀ ਸਿਰਫ਼ ਅਗਰਵਾਲ ਸਮਾਜ ਹੀ ਨਹੀਂ, ਸਗੋਂ ਸੰਪੂਰਨ ਭਾਰਤੀ ਸਮਾਜ ਦੀ ਇੱਕ ਮਹਾਨ ਸ਼ਖ਼ਸੀਅਤ ਸਨ। ਉਨ੍ਹਾਂ ਨੇ ਆਪਣੇ ਰਾਜ ਵਿੱਚ ‘ਇੱਕ ਇੱਟ ਅਤੇ ਇੱਕ ਸੋਨੇ ਦੀ ਮੋਹਰ’ ਵਰਗੀ ਵਿਲੱਖਣ ਅਤੇ ਦੂਰਅੰਦੇਸ਼ੀ ਪਰੰਪਰਾ ਦੀ ਸ਼ੁਰੂਆਤ ਕੀਤੀ ਸੀ, ਤਾਂ ਜੋ ਹਰ ਨਵਾਂ ਪਰਿਵਾਰ ਆਤਮਨਿਰਭਰ ਬਣ ਸਕੇ। ਉਨ੍ਹਾਂ ਨੇ ਪਸ਼ੂ ਬਲੀ ’ਤੇ ਪੂਰਨ ਪਾਬੰਦੀ ਲਗਾ ਕੇ ਮਨੁੱਖੀ ਇਤਿਹਾਸ ਵਿੱਚ ਅਹਿੰਸਾ ਨੂੰ ਸਮਾਜਿਕ ਸਿਧਾਂਤ ਵਜੋਂ ਸਥਾਪਿਤ ਕੀਤਾ।
ਸ੍ਰੀ ਸੈਣੀ ਨੇ ਕਿਹਾ ਕਿ ਅਗਰਵਾਲ ਸਮਾਜ ਦਾ ਇਤਿਹਾਸ ਹਮੇਸ਼ਾ ਰਾਸ਼ਟਰ ਨਿਰਮਾਣ, ਦਾਨਸ਼ੀਲਤਾ ਅਤੇ ਮਨੁੱਖਤਾ ਦੀ ਸੇਵਾ ਵਿੱਚ ਮਾਣਮੱਤਾ ਰਿਹਾ ਹੈ। ਉਨ੍ਹਾਂ ਨੇ ਭਾਮਾਸ਼ਾਹ ਦੇ ਨਾਲ-ਨਾਲ ਦੇਸ਼ ਅਤੇ ਦੁਨੀਆ ਵਿੱਚ ਸਮਾਜ ਦਾ ਨਾਂ ਰੌਸ਼ਨ ਕਰਨ ਵਾਲੇ ਆਜ਼ਾਦੀ ਘੁਲਾਟੀਆਂ, ਸੰਤਾਂ, ਸਾਹਿਤਕਾਰਾਂ ਅਤੇ ਉਦਯੋਗਪਤੀਆਂ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕੀਤਾ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਦੇ ਮੂਲ ਮੰਤਰ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਜੀਐੱਸਟੀ, ਡਿਜੀਟਲ ਇੰਡੀਆ ਅਤੇ ਸਟਾਰਟਅੱਪ ਇੰਡੀਆ ਵਰਗੀਆਂ ਯੋਜਨਾਵਾਂ ਨੇ ਵਪਾਰ ਜਗਤ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਇਆ ਹੈ। ਪੰਜਾਬ ਦੀ ਮੌਜੂਦਾ ਸਥਿਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦਾ ਵਪਾਰੀ ਵਰਗ ਅਤੇ ਨੌਜਵਾਨ ਅੱਜ ਸੁਰੱਖਿਅਤ ਮਾਹੌਲ, ਪਾਰਦਰਸ਼ੀ ਪ੍ਰਬੰਧ ਅਤੇ ਬਦਲਾਅ ਦੀ ਉਮੀਦ ਕਰ ਰਹੇ ਹਨ।
ਆਪਣੇ ਸੰਬੋਧਨ ਵਿੱਚ ਹਰਿਆਣਾ ਦੇ ਉਦਯੋਗਿਕ ਅਤੇ ਆਰਥਿਕ ਵਿਕਾਸ ਦਾ ਖਾਕਾ ਪੇਸ਼ ਕਰਦਿਆਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਸੂਬਾ ਸਰਕਾਰ ‘ਵਿਕਸਿਤ ਹਰਿਆਣਾ 2047’ ਦੇ ਦ੍ਰਿਸ਼ਟੀਕੋਣ ਤਹਿਤ 1 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਅਤੇ 50 ਲੱਖ ਨਵੇਂ ਰੁਜ਼ਗਾਰ ਪੈਦਾ ਕਰਨ ਦੇ ਟੀਚੇ ’ਤੇ ਕੰਮ ਕਰ ਰਹੀ ਹੈ। ਹਰਿਆਣਾ ਅੱਜ ਦੇਸ਼ ਵਿੱਚ ਸਟਾਰਟਅੱਪ ਸੱਭਿਆਚਾਰ ਦੇ ਮਾਮਲੇ ਵਿੱਚ ਚੌਥੇ ਸਥਾਨ ’ਤੇ ਹੈ, ਜਿੱਥੇ 12 ਹਜ਼ਾਰ ਤੋਂ ਵੱਧ ਮਾਨਤਾ ਪ੍ਰਾਪਤ ਸਟਾਰਟਅੱਪ, 19 ਯੂਨੀਕੌਰਨ ਅਤੇ 250 ਤੋਂ ਵੱਧ ਫਾਰਚੂਨ-500 ਕੰਪਨੀਆਂ ਮੌਜੂਦ ਹਨ। ਈਜ਼ ਆਫ਼ ਡੂਇੰਗ ਬਿਜ਼ਨਸ ਤਹਿਤ ਸਰਕਾਰ ਨੇ ਉਦਯੋਗਾਂ ਅਤੇ ਐੱਮਐੱਸਐੱਮਈ ਖੇਤਰ ਨੂੰ ਮਜ਼ਬੂਤ ਕਰਨ ਲਈ ਪਲੱਗ-ਐਂਡ-ਪਲੇ ਨੀਤੀ, ਪਦਮਾ ਪ੍ਰੋਗਰਾਮ ਅਤੇ 1,100 ਤੋਂ ਵੱਧ ਗੈਰ-ਜ਼ਰੂਰੀ ਨਿਯਮਾਂ ਨੂੰ ਖ਼ਤਮ ਕਰਨ ਵਰਗੇ ਕਈ ਇਤਿਹਾਸਕ ਕਦਮ ਚੁੱਕੇ ਹਨ।
ਉਨ੍ਹਾਂ ਵਿਸ਼ਵਾਸ ਜਤਾਇਆ ਕਿ ਡਬਲ ਇੰਜਣ ਸਰਕਾਰ ਦੀ ਤਰਜ਼ ’ਤੇ ਜੇਕਰ ਪੰਜਾਬ ਵਿੱਚ ਵੀ ਵਿਕਾਸ-ਮੁਖੀ ਪ੍ਰਬੰਧ ਬਣੇਗਾ, ਤਾਂ ਇੱਥੋਂ ਦੇ ਉਦਯੋਗਪਤੀਆਂ ਨੂੰ ਵੀ ਬਿਹਤਰ ਸਹੂਲਤਾਂ ਮਿਲਣਗੀਆਂ। ਅੰਤ ਵਿੱਚ ਉਨ੍ਹਾਂ ਨੇ ਸਾਰਿਆਂ ਨੂੰ ਮਹਾਰਾਜਾ ਅਗਰਸੈਨ ਜੀ ਦੇ ਦੱਸੇ ਮਾਰਗ ’ਤੇ ਚੱਲਦਿਆਂ ਇੱਕ ਖੁਸ਼ਹਾਲ ਅਤੇ ਸੁਰੱਖਿਅਤ ਪੰਜਾਬ ਦੇ ਨਿਰਮਾਣ ਦਾ ਸੰਕਲਪ ਲੈਣ ਦੀ ਅਪੀਲ ਕੀਤੀ।
