ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਅਕਤੂਬਰ:- ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸ. ਮਲਵਿੰਦਰ ਸਿੰਘ ਕੰਗ ਵੱਲੋਂ ਐਤਵਾਰ ਨੂੰ ਖਰੜ ਵਿਧਾਨ ਸਭਾ ਹਲਕੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਅਤੇ ਇਨ੍ਹਾਂ ਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ. ਪਰਮਿੰਦਰ ਸਿੰਘ ਗੋਲਡੀ, ਸਬੰਧਤ ਪਿੰਡਾਂ ਦੇ ਸਰਪੰਚ ਅਤੇ ਹੋਰ ਸੀਨੀਅਰ ਨੁਮਾਇੰਦੇ ਵੀ ਮੌਜੂਦ ਸਨ।
ਇਨ੍ਹਾਂ ਕਾਰਜਾਂ ਵਿੱਚ ਪਿੰਡ ਚਾਂਦਪੁਰ ਵਿਖੇ ਪਾਰਕ ਅਤੇ ਖੇਡ ਮੈਦਾਨ, ਪਿੰਡ ਫਾਂਟਵਾਂ ਵਿਖੇ ਜਿਮ, ਪਿੰਡ ਮੁਧੋਂ ਸੰਗਤੀਆਂ ਵਿਖੇ ਪੀਣ ਵਾਲੇ ਪਾਣੀ ਲਈ ਟੈਂਕਰ ਦੀ ਸਹੂਲਤ ਅਤੇ ਖਰੜ ਦੇ ਸੰਨੀ ਇਨਕਲੇਵ ਦੇ ਵਾਰਡ ਨੰਬਰ 4 ਵਿੱਚ ਜਿਮ ਦਾ ਉਦਘਾਟਨ ਸ਼ਾਮਲ ਹੈ।
ਸੰਸਦ ਮੈਂਬਰ ਕੰਗ ਨੇ ਕਿਹਾ ਕਿ ਸੰਸਦ ਮੈਂਬਰ ਸਥਾਨਕ ਖੇਤਰ ਵਿਕਾਸ ਯੋਜਨਾ ਤਹਿਤ ਲੋਕਾਂ ਦੀਆਂ ਮੰਗਾਂ ਅਤੇ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਕਾਸ ਕਾਰਜਾਂ ਲਈ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦਾ ਉਦੇਸ਼ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੇ ਰੋਜ਼ਾਨਾ ਜੀਵਨ ਨੂੰ ਸੁਖਾਲਾ ਬਣਾਉਣਾ ਹੈ।
ਉਨ੍ਹਾਂ ਕਿਹਾ ਕਿ ਪਾਰਕਾਂ ਅਤੇ ਖੇਡ ਮੈਦਾਨਾਂ ਨਾਲ ਲੋਕਾਂ ਨੂੰ ਸੈਰ, ਖੇਡਾਂ ਅਤੇ ਮਨੋਰੰਜਨ ਲਈ ਬਿਹਤਰ ਥਾਵਾਂ ਮਿਲਣਗੀਆਂ, ਜਦਕਿ ਸਾਂਝੇ ਜਿਮ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਗੇ। ਪੀਣ ਵਾਲੇ ਪਾਣੀ ਦੀ ਸਹੂਲਤ ਨਾਲ ਸਥਾਨਕ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਵੀ ਮਦਦ ਮਿਲੇਗੀ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਵੱਲੋਂ ਸੰਸਦ ਵਿੱਚ ਨੁਮਾਇੰਦਗੀ ਦਾ ਹੱਕ ਦੇ ਕੇ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਹਮੇਸ਼ਾਂ ਲੋਕ ਹਿਤ, ਦੇਸ਼ ਹਿਤ ਅਤੇ ਪੰਜਾਬ ਹਿਤ ਨਾਲ ਜੁੜੇ ਮੁੱਦੇ ਉਠਾ ਕੇ ਨਿਭਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਲਈ ਹਮੇਸ਼ਾਂ ਵਚਨਬੱਧ ਰਹਿਣਗੇ ਕਿ ਸੰਸਦ ਮੈਂਬਰ ਸਥਾਨਕ ਵਿਕਾਸ ਫੰਡ ਦੀ ਵਰਤੋਂ ਵੀ ਲੋਕ ਹਿਤ ਅਤੇ ਲੋੜਾਂ ਨੂੰ ਮੁੱਖ ਰੱਖਦਿਆਂ ਪਾਰਦਰਸ਼ਤਾ ਨਾਲ ਕੀਤੀ ਜਾਵੇ।
ਇਸ ਮੌਕੇ ਸਥਾਨਕ ਨੁਮਾਇੰਦਿਆਂ ਅਤੇ ਪਿੰਡਾਂ ਦੇ ਸਰਪੰਚਾਂ ਨੇ ਵਿਕਾਸ ਕਾਰਜਾਂ ਸਬੰਧੀ ਆਪਣੀਆਂ ਮੰਗਾਂ ਅਤੇ ਸੁਝਾਅ ਵੀ ਸਾਂਝੇ ਕੀਤੇ।
