ਮਾਹਿਲਪੁਰ, 19 ਦਸੰਬਰ:- ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ  ਪ੍ਰਿੰਸੀਪਲ ਹਰਭਜਨ ਸਿੰਘ ਫੁੱਟਬਾਲ ਸਟੇਡੀਅਮ ਵਿੱਚ ਪੰਜਾਬ ਫੁੱਟਬਾਲ ਫੈਡਰੇਸ਼ਨ ਵੱਲੋਂ ਕਰਵਾਈ ਜਾ ਰਹੀ ਸੰਤੋਸ਼ ਟਰਾਫ਼ੀ ਤਹਿਤ 79ਵੀਂ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਦੇ ਗਰੁੱਪ-ਏ ਦੇ ਅੱਜ ਆਖਰੀ ਦਿਨ ਹੋਏ ਦੋ ਮੈਚਾਂ ਨੂੰ ਦਰਸ਼ਕਾਂ ਨੇ ਸਾਹ ਰੋਕ ਕੇ ਦੇਖਿਆ। ਇਕ ਮਹੱਤਵਪੂਰਨ ਮੈਚ ਵਿਚ ਅੱਜ ਪੰਜਾਬ ਦੀ ਫੁੱਟਬਾਲ ਟੀਮ ਨੇ ਜੰਮੂ-ਕਸ਼ਮੀਰ ਨੂੰ 1-0 ਦੇ ਅੰਤਰ ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਫਾਈਨਲ ਮੁਕਾਬਲਾ ਅਗਲੇ ਦਿਨਾਂ ਵਿਚ ਆਸਾਮ ਵਿਚ ਹੋਵੇਗਾ। 
ਇਸ ਤੋਂ ਪਹਿਲਾ ਚੈਂਪੀਅਨਸ਼ਿਪ ਦੇ ਇਕ ਵੱਖਰੇ ਮੈਚ ਵਿੱਚ ਲੱਦਾਖ ਦੀ ਟੀਮ ਨੇ ਹਿਮਾਚਲ ਪ੍ਰਦੇਸ਼ ਨੂੰ 1-0 ਦੇ ਫਰਕ ਨਾਲ ਹਰਾਇਆ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸ਼ਿਰਕਤ ਕੀਤੀ। ਉਨ੍ਹਾਂ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ, ਐੱਸਪੀ ਸ਼ਮਿੰਦਰਜੀਤ ਸਿੰਘ ਬੈਂਸ ਅਤੇ ਅਰਜੁਨ ਐਵਾਰਡੀ ਫੁਟਬਾਲਰ ਗੁਰਦੇਵ ਸਿੰਘ ਗਿੱਲ ਨੇ ਖੇਡ ਸਮਾਰੋਹ ਦੀ ਪ੍ਰਧਾਨਗੀ ਕੀਤੀ। 
ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਤੋਸ਼ ਟਰਾਫੀ ਦੇ ਮੈਚਾਂ ਪ੍ਰਤੀ ਮਾਹਿਲਪੁਰ ਦੇ ਫੁਟਬਾਲ ਪ੍ਰੇਮੀਆਂ ਦਾ ਭਾਰੀ ਉਤਸ਼ਾਹ ਰਿਹਾ ਹੈ ਅਤੇ ਆਉਣ ਵੇਲੇ ਸਮੇਂ ਵਿੱਚ ਵੀ ਅਜਿਹੀ ਵੱਕਾਰੀ ਚੈਂਪੀਅਨਸ਼ਿਪ ਨਾਲ ਜੁੜੇ ਮੈਚ ਮਾਹਿਲਪੁਰ ਵਿੱਚ ਕਰਵਾਉਣ ਦੇ ਉੱਦਮ ਕੀਤੇ ਜਾਣਗੇ। ਇਸ ਮੌਕੇ ਜੇਤੂ ਟੀਮਾਂ ਨੂੰ ਪ੍ਰਬੰਧਕਾਂ ਵੱਲੋਂ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। 
ਇਸ ਮੌਕੇ ਡਾ ਹਰਵਿੰਦਰ ਸਿੰਘ ਬਾਠ, ਅਰਵਿੰਦਰ ਸਿੰਘ ਹਵੇਲੀ, ਕਮਾਂਡਰ ਹਰਦੇਵ ਸਿੰਘ ਢਿਲੋਂ, ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ, ਹਰਜਿੰਦਰ ਸਿੰਘ, ਡਾ ਪਰਮਪ੍ਰੀਤ ਸਿੰਘ ਕੈਂਡੋਵਾਲ, ਮਾਸਟਰ ਬਨਿੰਦਰ ਸਿੰਘ , ਇੰਜਨੀਅਰ ਤਰਲੋਚਨ ਸਿੰਘ, ਇਕਬਾਲ ਸਿੰਘ ਖੇੜਾ, ਵਿਜੇ ਬਾਲੀ, ਡਾ ਜੇ ਬੀ ਸੇਖੋਂ,ਡਾ ਰਾਜਕੁਮਾਰ, ਕੋਚ ਚਰਨਜੀਤ ਸਿੰਘ, ਕੋਚ ਹਰਿੰਦਰ ਸਨੀ ਆਦਿ ਸਮੇਤ ਅਨੇਕਾਂ ਖੇਡ ਦਰਸ਼ਕ ਹਾਜ਼ਰ ਸਨ।