ਹੁਸ਼ਿਆਰਪੁਰ:- ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੀ ਅਗਵਾਈ ਹੇਠ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਸਮਾਜ ਦੇ ਮਹਾਨ ਰਹਿਬਰਾਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਸ਼ੁਰੂ ਕੀਤੀ ਮਹਾਨ ਇਤਿਹਾਸਕ ਬੇਗਮਪੁਰਾ ਦਮੜੀ ਸ਼ੋਭਾ ਯਾਤਰਾ ਲਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਅਤੇ ਸ਼ਰਧਾ ਹੈ ਅਤੇ ਸੰਗਤਾਂ ਭਾਰੀ ਗਿਣਤੀ ਵਿੱਚ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣਗੀਆਂ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਦਿ ਧਰਮ ਸਾਧੂ ਸਮਾਜ ਦੇ ਰਾਸ਼ਟਰੀ ਪ੍ਰਧਾਨ ਸੰਤ ਸਰਵਣ ਦਾਸ ਸਲੇਮਟਾਵਰੀ ਸੀਨੀ.ਮੀਤ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਤੋਂ ਕੌਮ ਦੇ ਮਹਾਨ ਵਿਦਵਾਨ ਸੰਤ ਮਹਾਂਪੁਰਸ਼ ਸੰਤ ਸਰਵਣ ਦਾਸ ਜੀ ਬੋਹਣ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ, ਸੰਤ ਨਿਰਮਲ ਦਾਸ ਬਾਬੇਜੌੜੇ ਪ੍ਰਧਾਨ, ਸੰਤ ਇੰਦਰ ਦਾਸ ਸੇਖੈ ਜਨਰਲ ਸਕੱਤਰ, ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ ਅਤੇ ਵੱਖ ਵੱਖ ਡੇਰਿਆਂ ਦੇ ਸੰਤਾਂ ਮਹਾਂਪੁਰਖਾਂ ਦੀ ਯੋਗ ਅਗਵਾਈ ਹੇਠ ਆਰੰਭ ਹੋਈ ਇਤਿਹਾਸਕ ਬੇਗਮਪੁਰਾ ਦਮੜੀ ਸ਼ੋਭਾ ਯਾਤਰਾ ਅੱਜ ਪੂਰੇ ਵਿਸ਼ਵ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਕਰ ਚੁੱਕੀ ਹੈ। ਓਨਾਂ ਕਿਹਾ ਕਿ 3 ਅਪ੍ਰੈਲ ਨੂੰ ਪੰਜਾਬ ਅਤੇ 4 ਤੇ 5 ਅਪ੍ਰੈਲ ਨੂੰ ਹਰਿਦੁਆਰ ਤੱਕ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਵੱਖਰਾ ਅਲੌਕਿਕ ਦ੍ਰਿਸ਼ ਪੇਸ਼ ਕਰਦਾ ਹੈ।
ਸੰਤ ਸਰਵਣ ਦਾਸ , ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਸ਼ੋਭਾ ਯਾਤਰਾ ਦਾ ਮੁੱਖ ਮਨੋਰਥ ਸਤਿਗੁਰੂ ਰਵਿਦਾਸ ਮਹਾਰਾਜ ਦੀ ਕ੍ਰਾਂਤੀਕਾਰੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਅਤੇ ਆਦਿ ਧਰਮ ਦੇ ਮਹਾਨ ਰਹਿਬਰ ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ, ਬਾਬੂ ਕਾਂਸ਼ੀ ਰਾਮ ਦੀ ਆਰਥਿਕ, ਸਮਾਜਕ ਅਤੇ ਰਾਜਨੀਤਕ ਪਰਿਵਰਤਨ ਦੀ ਲਹਿਰ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਬਣਦਾ ਵੱਡਾ ਯੋਗਦਾਨ ਪਾਉਣਾ ਹੈ।
ਓਨਾਂ ਕਿਹਾ ਇਤਿਹਾਸਕ ਬੇਗਮਪੁਰਾ ਹਰਿਦੁਆਰ ਦਮੜੀ ਸ਼ੋਭਾ ਯਾਤਰਾ 3 ਅਪ੍ਰੈਲ 2026 ਨੂੰ ਰੇਲਵੇ ਸਟੇਸ਼ਨ ਜਲੰਧਰ ਤੋਂ ਆਰੰਭ ਹੋਵੇਗੀ ਅਤੇ 5 ਅਪ੍ਰੈਲ ਨੂੰ ਹਰਿਦੁਆਰ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਇਆ ਜਾਵੇਗਾ।
