ਨਵਾਂਸ਼ਹਿਰ/ਕਾਠਗੜ੍ਹ, 18 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਸ਼ਿਵਾਲਿਕ ਦੀਆਂ ਪਹਾੜੀਆਂ ਦੇ ਸੰਘਣੇ ਜੰਗਲਾਂ ਵਿੱਚ ਸਥਿਤ ਪ੍ਰਸਿੱਧ ਤਪ ਅਸਥਾਨ ਬਾਉੜੀ ਸਾਹਿਬ ਦੀ ਧਰਤੀ ਅੱਜ ਭਗਤੀ, ਸ਼ਰਧਾ ਅਤੇ ਸਿਮਰਨ ਦੇ ਰੰਗ ਵਿੱਚ ਰੰਗੀ ਨਜ਼ਰ ਆਈ। ਬ੍ਰਹਮਲੀਨ ਬਾਬਾ ਸਰਵਨ ਦਾਸ ਜੀ ਦੀ ਤਪੋਭੂਮੀ ’ਤੇ ਜੇਠੇ ਮੰਗਲਵਾਰ ਦੇ ਮੌਕੇ ਭਾਰੀ ਮੇਲਾ ਲੱਗਿਆ, ਜਿੱਥੇ ਦੂਰ-ਦੂਰ ਤੋਂ ਸੰਗਤ ਨੇ ਪਹੁੰਚ ਕੇ ਮੱਥਾ ਟੇਕਿਆ ਅਤੇ ਅਸਥਾਨ ਦੀ ਅਲੌਕਿਕ ਸ਼ਾਂਤੀ ਦਾ ਅਨੁਭਵ ਕੀਤਾ।

ਅਸਥਾਨ ਦੇ ਗੱਦੀਨਸ਼ੀਨ ਸਵਾਮੀ ਦਿਆਲ ਦਾਸ ਜੀ ਮਹਾਰਾਜ ਦੀ ਦੇਖ-ਰੇਖ ਹੇਠ ਸਵੇਰ ਤੋਂ ਹੀ ਧਾਰਮਿਕ ਸਮਾਗਮ ਸ਼ੁਰੂ ਹੋ ਗਏ। ਪਾਠ ਰੱਖ ਕੇ ਉਸ ਦੇ ਭੋਗ ਪਾਏ ਗਏ ਅਤੇ ਹਵਨ ਕਰਵਾਇਆ ਗਿਆ। ਹਵਨ ਦੀ ਪਵਿੱਤਰ ਅਗਨੀ ਅਤੇ ਮੰਤਰਾਂ ਦੀ ਗੂੰਜ ਨਾਲ ਸਾਰਾ ਜੰਗਲੀ ਖੇਤਰ ਭਗਤੀਮਈ ਮਾਹੌਲ ਵਿੱਚ ਬਦਲ ਗਿਆ।

ਸੰਗਤ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਵਾਮੀ ਦਿਆਲ ਦਾਸ ਜੀ ਨੇ ਮਨ ਦੀ ਸ਼ਾਂਤੀ ਨੂੰ ਜੀਵਨ ਦੀ ਸਭ ਤੋਂ ਵੱਡੀ ਦੌਲਤ ਦੱਸਿਆ। ਉਨ੍ਹਾਂ ਕਿਹਾ ਕਿ ਮਨ ਨੂੰ ਹਮੇਸ਼ਾ ਸ਼ਾਂਤ ਰੱਖਣਾ ਚਾਹੀਦਾ ਹੈ ਅਤੇ ਕਿਸੇ ਨਾਲ ਵੀ ਈਰਖਾ ਨਹੀਂ ਰੱਖਣੀ ਚਾਹੀਦੀ। ਈਰਖਾ ਮਨ ਨੂੰ ਅਸ਼ਾਂਤ ਕਰਦੀ ਹੈ ਅਤੇ ਜੀਵਨ ਵਿੱਚ ਦੁੱਖ ਲਿਆਉਂਦੀ ਹੈ। ਜੇਕਰ ਮਨ ਨੂੰ ਸ਼ਾਂਤ ਰੱਖਣਾ ਚਾਹੁੰਦੇ ਹੋ ਤਾਂ ਸੇਵਾ, ਸਿਮਰਨ ਅਤੇ ਨਾਮ-ਬਾਣੀ ਦਾ ਜਾਪ ਕਰੋ।

ਭਗਵਾਨ ਰਾਮ ਦੀ ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਭਗਵਾਨ ਰਾਮ ਨੇ ਮਨ ਨੂੰ ਸ਼ਾਂਤ ਰੱਖ ਕੇ ਹਰ ਮੁਸ਼ਕਲ ਦਾ ਸਾਹਮਣਾ ਕੀਤਾ ਅਤੇ ਹਰ ਸਮੱਸਿਆ ਦਾ ਹੱਲ ਕੱਢਿਆ। ਸ਼ਾਂਤ ਮਨ ਵਾਲਾ ਵਿਅਕਤੀ ਹਰ ਔਖੀ ਘੜੀ ਵਿੱਚ ਵੀ ਸਹੀ ਫੈਸਲਾ ਲੈ ਸਕਦਾ ਹੈ।

ਸਵਾਮੀ ਜੀ ਨੇ ਕਿਹਾ ਕਿ ਗੁਰੂ ਦਾ ਦਿੱਤਾ ਸ਼ਬਦ ਗਿਆਨ ਹੀ ਮਨੁੱਖ ਨੂੰ ਭਵ ਸਾਗਰ ਤੋਂ ਪਾਰ ਕਰ ਸਕਦਾ ਹੈ। ਈਸ਼ਵਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ, ਇਹ ਮਾਰਗ ਗੁਰੂ ਦਾ ਸ਼ਬਦ ਹੀ ਦੱਸਦਾ ਹੈ। ਇਸ ਲਈ ਹਰ ਮਨੁੱਖ ਨੂੰ ਗੁਰੂ ਦੇ ਬਚਨਾਂ ’ਤੇ ਚੱਲ ਕੇ ਸੇਵਾ ਅਤੇ ਸਿਮਰਨ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ।

ਇਸ ਮੌਕੇ ਸਵੇਰੇ ਚਾਹ-ਪਕੌੜਿਆਂ ਅਤੇ ਦੁਪਹਿਰ ਨੂੰ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਸੰਗਤ ਨੇ ਪੰਗਤਾਂ ਵਿੱਚ ਬੈਠ ਕੇ ਲੰਗਰ ਛਕਿਆ ਅਤੇ ਸੇਵਾਦਾਰਾਂ ਨੇ ਪੂਰੀ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ।

ਇਸ ਪਾਵਨ ਮੌਕੇ ਬੁੱਧੀਜੀਵੀਆਂ ਵਿੱਚ ਡਾ. ਜੋਗਿੰਦਰ ਪਾਲ ਦੱਤ, ਅਸ਼ਵਨੀ ਚੌਧਰੀ, ਸਾਬਕਾ ਚੇਅਰਮੈਨ ਯੋਜਨਾ ਬੋਰਡ ਸਤਨਾਮ ਜਲਾਲਪੁਰ, ਹਰਿੰਦਰਜੀਤ ਭਾਟੀਆ, ਸੋਹਨ ਲਾਲ ਭਾਟੀਆ, ਬਖਸ਼ੀ ਰਾਮ, ਰਾਮ ਸ਼ਾਹ, ਵਿਜੇ ਕੁਮਾਰ ਅਤੇ ਜੀਤ ਰਾਮ ਤੋਂ ਇਲਾਵਾ ਸੰਤ ਨਰਾਇਣਪੁਰੀ, ਸੰਤ ਕਲਿਆਣ ਦਾਸ, ਸੰਤ ਧਰਮ ਦਾਸ, ਵਿਸ਼ਨੂੰ ਪ੍ਰਸ਼ਾਦ ਅਤੇ ਰਾਮ ਜੀ ਦਾਸ ਭਗਤ ਆਦਿ ਹਾਜ਼ਰ ਸਨ।