ਗੜ੍ਹਸ਼ੰਕਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਾਲਜ ਗੁਰਦੁਆਰਾ ਸਾਹਿਬ ਵਿਖੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇੰਜ ਸੁਖਮਿੰਦਰ ਸਿੰਘ ਸਕੱਤਰ ਸਿੱਖਿਆ ਦੇ ਆਦੇਸ਼ ’ਤੇ ਗੁਰਮਤਿ ਸਮਾਗਮ ਕਰਵਾਉਣ ਉਪਰੰਤ ਕਾਲਜ ਤੋਂ ਗੁਰਮਤਿ ਚੇਤਨਾ ਮਾਰਚ ਸਜਾਇਆ ਗਿਆ ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਸਮਾਪਤ ਹੋਇਆ। 
ਕਾਲਜ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਾਗਮ ਦੌਰਾਨ ਸ੍ਰੀ ਜਪੁਜੀ ਸਾਹਿਬ ਅਤੇ ਸ੍ਰੀ ਚੌਪਈ ਸਾਹਿਬ ਦੇ ਜਾਪ ਉਪਰੰਤ ਪ੍ਰੋ. ਰਮਨਪ੍ਰੀਤ ਸਿੰਘ ਅਤੇ ਵਿਦਿਆਰਥੀਆਂ ਵਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀ ਪਿ੍ਰੰਸ ਸਿੰਘ ਅਤੇ ਲਵਪ੍ਰੀਤ ਸਿੰਘ ਵਲੋਂ ਕਥਾ ਰਾਹੀ ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਇਤਿਹਾਸ ਸਰਵਣ ਕਰਵਾਇਆ ਗਿਆ। 
ਇਸ ਮੌਕੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਕਮੇਟੀ ਮੈਂਬਰ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਡਾ. ਜੰਗ ਬਹਾਦਰ ਸਿੰਘ ਰਾਏ ਅਤੇ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਬਲਵੀਰ ਸਿੰਘ ਚੰਗਿਆੜਾ ਨੇ ਸਮਾਗਮ ਅਤੇ ਗੁਰਮਤਿ ਚੇਤਨਾ ਮਾਰਚ ਵਿਚ ਹਾਜ਼ਰੀ ਭਰੀ।
 ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਸਮਾਗਮ ਵਿਚ ਪਹੁੰਚੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੇ ਇਤਿਹਾਸ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ। 
ਸਮਾਗਮ ਦੀ ਸਮਾਪਤੀ ਉਪਰੰਤ ਕਾਲਜ ਤੋਂ ਸਜਾਏ ਗਏ ਗੁਰਮਤਿ ਚੇਤਨਾ ਮਾਰਚ ਵਿਚ ਸਮੂਹ ਸਟਾਫ਼ ਤੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਇਸ ਦੌਰਾਨ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਵਲੋਂ ਸ਼ਬਦ ਪੜ੍ਹੇ ਗਏ। ਗੁਰਮਤਿ ਚੇਤਨਾ ਮਾਰਚ ਦੀ ਸਮਾਪਤੀ ’ਤੇ ਗੁਰਦੁਆਰਾ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਦੁੱਧ ਦਾ ਲੰਗਰ ਵਰਤਾਇਆ ਗਿਆ।