ਕਰਨਾਲ, 19 ਨਵੰਬਰ (ਪ੍ਰਵੀਣ ਵਾਲੀਆ):- ਸ਼ਹਿਰ ਵਾਸੀਆਂ ਨੂੰ ਬਿਹਤਰ ਰੌਸ਼ਨੀ ਦੀ ਸਹੂਲਤ ਦੇਣ, ਹਨੇਰੇ ਵਾਲੀਆਂ ਥਾਵਾਂ (ਡਾਰਕ ਸਪਾਟ) ਖ਼ਤਮ ਕਰਨ ਅਤੇ ਸਟਰੀਟ ਲਾਈਟਾਂ ਨਾਲ ਸਬੰਧਤ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਉਣ ਲਈ ਨਗਰ ਨਿਗਮ ਕਮਿਸ਼ਨਰ ਸਲੋਨੀ ਸ਼ਰਮਾ ਨੇ ਬਿਜਲੀ ਸ਼ਾਖਾ ਦੇ ਇੰਜੀਨੀਅਰਾਂ ਨਾਲ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਸ਼ਹਿਰ ਦੀਆਂ ਸਾਰੀਆਂ ਸਟਰੀਟ ਲਾਈਟਾਂ ਪੂਰੀ ਸਮਰੱਥਾ ਨਾਲ ਕੰਮ ਕਰਨੀਆਂ ਚਾਹੀਦੀਆਂ ਹਨ। ਕਿਸੇ ਵੀ ਵਾਰਡ, ਸੜਕ ਜਾਂ ਜਨਤਕ ਥਾਂ ’ਤੇ ਹਨੇਰਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸੁਚਾਰੂ ਰੌਸ਼ਨੀ ਪ੍ਰਬੰਧ ਬਣਾਈ ਰੱਖਣਾ ਨਿਗਮ ਦੀ ਮੁੱਢਲੀ ਜ਼ਿੰਮੇਵਾਰੀ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਨਿਗਮ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਟਰੀਟ ਲਾਈਟਾਂ ਦੇ ਪ੍ਰਬੰਧ ਦੀ ਨਿਯਮਤ ਜਾਂਚ ਅਤੇ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ। ਕੌਂਸਲਰਾਂ ਅਤੇ ਨਾਗਰਿਕਾਂ ਵੱਲੋਂ ਮਿਲਣ ਵਾਲੀਆਂ ਸ਼ਿਕਾਇਤਾਂ ਦਾ ਨਿਰਧਾਰਤ ਸਮੇਂ ਅੰਦਰ ਨਿਪਟਾਰਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਖ਼ਾਸ ਤੌਰ ’ਤੇ ਐਚ.ਪੀ.ਐਲ. ਏਜੰਸੀ ਨੂੰ ਹਦਾਇਤ ਕਰਨ ਲਈ ਕਿਹਾ ਕਿ ਸ਼ਿਕਾਇਤਾਂ ਦੇ ਨਿਪਟਾਰੇ ਵਿੱਚ ਕੋਈ ਦੇਰੀ ਨਾ ਹੋਵੇ ਅਤੇ ਕੋਈ ਵੀ ਸ਼ਿਕਾਇਤ ਬੇਵਜ੍ਹਾ ਲੰਬਿਤ ਨਾ ਰੱਖੀ ਜਾਵੇ। ਏਜੰਸੀ ਦੇ ਕੰਮਾਂ ਦੀ ਨਿਯਮਤ ਨਿਗਰਾਨੀ ਵੀ ਕੀਤੀ ਜਾਵੇ।
ਪੰਜ ਨਵੀਆਂ ਅਧਿਕਾਰਤ ਕਾਲੋਨੀਆਂ ਵਿੱਚ ਜਲਦ ਲੱਗਣਗੀਆਂ 235 ਸਟਰੀਟ ਲਾਈਟਾਂ
ਮੀਟਿੰਗ ਦੌਰਾਨ ਸਹਾਇਕ ਇੰਜੀਨੀਅਰ (ਬਿਜਲੀ) ਨੇ ਜਾਣਕਾਰੀ ਦਿੱਤੀ ਕਿ ਸ਼ਹਿਰ ਦੀਆਂ ਪੰਜ ਨਵੀਆਂ ਅਧਿਕਾਰਤ ਕਾਲੋਨੀਆਂ ਵਿੱਚ 235 ਸਟਰੀਟ ਲਾਈਟਾਂ ਲਗਾਈਆਂ ਜਾਣੀਆਂ ਹਨ। ਇਸ ’ਤੇ ਨਿਗਮ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਸਬੰਧਤ ਏਜੰਸੀ ਨਾਲ ਤਾਲਮੇਲ ਕਰਕੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਨਵੰਬਰ ਮਹੀਨੇ ਵਿੱਚ ਹੀ ਸਾਰੀਆਂ ਲਾਈਟਾਂ ਲਗਾਉਣੀਆਂ ਯਕੀਨੀ ਬਣਾਈਆਂ ਜਾਣ, ਤਾਂ ਜੋ ਇਨ੍ਹਾਂ ਕਾਲੋਨੀਆਂ ਦੇ ਵਸਨੀਕਾਂ ਨੂੰ ਜਲਦ ਤੋਂ ਜਲਦ ਲੋੜੀਂਦੀ ਰੌਸ਼ਨੀ ਦੀ ਸਹੂਲਤ ਮਿਲ ਸਕੇ।
40 ਹਾਈ ਮਾਸਟ ਲਾਈਟਾਂ ਲੱਗੀਆਂ, ਛੇ ਦੇ ਫਾਊਂਡੇਸ਼ਨ ਤਿਆਰ
ਸਾਰੇ ਵਾਰਡਾਂ ਵਿੱਚ ਬਿਹਤਰ ਰੌਸ਼ਨੀ ਦਾ ਪ੍ਰਬੰਧ ਕਰਨ ਲਈ ਹਾਈ ਮਾਸਟ ਲਾਈਟਾਂ ਲਗਾਉਣ ਦਾ ਕੰਮ ਵੀ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 40 ਨਵੀਆਂ ਹਾਈ ਮਾਸਟ ਲਾਈਟਾਂ ਲਗਾਈਆਂ ਜਾ ਚੁੱਕੀਆਂ ਹਨ, ਜਦਕਿ ਛੇ ਹੋਰ ਹਾਈ ਮਾਸਟ ਲਾਈਟਾਂ ਦੇ ਫਾਊਂਡੇਸ਼ਨ ਤਿਆਰ ਕਰ ਦਿੱਤੇ ਗਏ ਹਨ। ਨਿਗਮ ਕਮਿਸ਼ਨਰ ਨੇ ਬਾਕੀ ਕੰਮ ਵੀ ਜਲਦ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਦੱਸਿਆ ਗਿਆ ਕਿ ਜਿਨ੍ਹਾਂ ਵਾਰਡਾਂ ਵਿੱਚ ਸਟਰੀਟ ਲਾਈਟਾਂ ਦੇ ਪੁਰਾਣੇ ਖੰਭੇ ਖ਼ਰਾਬ ਜਾਂ ਜਰਜਰ ਹੋ ਚੁੱਕੇ ਸਨ, ਉਨ੍ਹਾਂ ਨੂੰ ਹਟਾ ਕੇ ਨਵੇਂ ਖੰਭੇ ਅਤੇ ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ। ਇਸ ਕੰਮ ਤਹਿਤ 471 ਨਵੀਆਂ ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ।
2,000 ਨਵੀਆਂ ਸਟਰੀਟ ਲਾਈਟਾਂ ਲਗਾਉਣ ਦੀ ਤਿਆਰੀ, ਕੌਂਸਲਰਾਂ ਤੋਂ ਮੰਗੀਆਂ ਜਾਣਗੀਆਂ ਥਾਵਾਂ ਦੀ ਜਾਣਕਾਰੀ
ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਲੋੜ ਅਨੁਸਾਰ ਲਗਭਗ 2,000 ਨਵੀਆਂ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ। ਇਸ ਕੰਮ ਦਾ ਟੈਂਡਰ ਆਉਣ ਵਾਲੀ 30 ਨਵੰਬਰ ਨੂੰ ਖੁੱਲ੍ਹੇਗਾ। ਇਨ੍ਹਾਂ ਲਾਈਟਾਂ ਲਈ ਸਾਰੇ ਕੌਂਸਲਰਾਂ ਤੋਂ ਢੁੱਕਵੀਆਂ ਥਾਵਾਂ ਦੀ ਜਾਣਕਾਰੀ ਲਈ ਜਾਵੇਗੀ। ਨਿਗਮ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਪ੍ਰਸਤਾਵਿਤ ਥਾਵਾਂ ਦਾ ਮੌਕੇ ’ਤੇ ਜਾ ਕੇ ਨਿਰੀਖਣ ਕੀਤਾ ਜਾਵੇ ਅਤੇ ਉਨ੍ਹਾਂ ਦੀ ਸੰਭਾਵਨਾ ਦੀ ਜਾਂਚ ਕੀਤੀ ਜਾਵੇ। ਹਨੇਰੇ ਵਾਲੀਆਂ ਥਾਵਾਂ ਦੀ ਪਛਾਣ ਕਰਕੇ ਤਰਜੀਹ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿੱਥੇ ਵੀ ਰੌਸ਼ਨੀ ਦੀ ਘਾਟ ਹੈ, ਉੱਥੇ ਲੋੜ ਅਨੁਸਾਰ ਨਵੀਆਂ ਲਾਈਟਾਂ ਲਗਾਈਆਂ ਜਾਣ।
129 ਸੀਸੀਟੀਵੀ ਕੈਮਰਿਆਂ ਦੇ ਚਾਲੂ ਰਹਿਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼
ਸ਼ਹਿਰ ਦੀ ਸੁਰੱਖਿਆ ਅਤੇ ਨਿਗਰਾਨੀ ਪ੍ਰਬੰਧਾਂ ਬਾਰੇ ਵੀ ਨਿਗਮ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਗਰ ਨਿਗਮ ਵੱਲੋਂ ਲਗਾਏ ਗਏ ਸਾਰੇ 129 ਸੀਸੀਟੀਵੀ ਕੈਮਰੇ ਸਹੀ ਹਾਲਤ ਵਿੱਚ ਰਹਿਣ ਅਤੇ ਲਗਾਤਾਰ ਸੁਚਾਰੂ ਢੰਗ ਨਾਲ ਕੰਮ ਕਰਨ। ਇਸ ਤੋਂ ਇਲਾਵਾ, ਰਾਤ ਸਮੇਂ ਸੀਸੀਟੀਵੀ ਕੈਮਰਿਆਂ ਦੇ ਆਲੇ-ਦੁਆਲੇ ਲੋੜੀਂਦੀ ਰੌਸ਼ਨੀ ਯਕੀਨੀ ਬਣਾਉਣ ਲਈ 34 ਨਵੀਆਂ ਸੋਲਰ ਲਾਈਟਾਂ ਲਗਾਈਆਂ ਗਈਆਂ ਹਨ, ਤਾਂ ਜੋ ਕੈਮਰਿਆਂ ਰਾਹੀਂ ਪ੍ਰਭਾਵਸ਼ਾਲੀ ਨਿਗਰਾਨੀ ਕੀਤੀ ਜਾ ਸਕੇ।
ਨਿਗਮ ਕਮਿਸ਼ਨਰ ਸਲੋਨੀ ਸ਼ਰਮਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਟਰੀਟ ਲਾਈਟਾਂ, ਹਾਈ ਮਾਸਟ ਲਾਈਟਾਂ ਅਤੇ ਸੀਸੀਟੀਵੀ ਕੈਮਰਿਆਂ ਨਾਲ ਸਬੰਧਤ ਸਾਰੇ ਪ੍ਰਬੰਧਾਂ ਦੀ ਨਿਯਮਤ ਸਮੀਖਿਆ ਕੀਤੀ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਨਾਗਰਿਕਾਂ ਨੂੰ ਸੁਰੱਖਿਅਤ ਅਤੇ ਰੌਸ਼ਨ ਸ਼ਹਿਰ ਮੁਹੱਈਆ ਕਰਵਾਉਣ ਲਈ ਸਾਰੇ ਕੰਮ ਨਿਰਧਾਰਤ ਸਮੇਂ ਅੰਦਰ ਪੂਰੇ ਕੀਤੇ ਜਾਣ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਵਿੱਚ ਜਵਾਬਦੇਹੀ ਯਕੀਨੀ ਬਣਾਈ ਜਾਵੇ।
