ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਸਮਤਾ, ਸਮਾਨਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਸਥਾਪਿਤ ਕੀਤੇ ਗਏ ਆਦਿ ਧਰਮ ਦੀ 100ਵੀਂ ਸਥਾਪਨਾ ਵਰ੍ਹੇਗੰਢ ਦੀ ਖੁਸ਼ੀ ਵਿੱਚ ਮਹਾਨ ਆਦਿ ਧਰਮ ਸਮਾਗਮ 1 ਨਵੰਬਰ 2026, ਦਿਨ ਐਤਵਾਰ ਨੂੰ ਡੇਰਾ ਸੰਤ ਮੇਲਾ ਰਾਮ ਨਗਰ ਵਿਖੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਸ਼ਰਧਾ ਨਾਲ ਮਨਾਇਆ ਜਾਵੇਗਾ। ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੂੰ ਸੰਤ ਸਤਵਿੰਦਰ ਹੀਰਾ, ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ; ਸੰਤ ਧਰਮਪਾਲ ਧਾਮ ਚਾਨਣਪੁਰੀ ਸ਼ੇਰਗੜ੍ਹ; ਓਮ ਪ੍ਰਕਾਸ਼ ਰਾਣਾ, ਮੀਡੀਆ ਇੰਚਾਰਜ ਆਦਿ ਨੇ ਸੱਦਾ ਪੱਤਰ ਦਿੱਤਾ। ਇਸ ਮੌਕੇ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਵੀ ਹਾਜ਼ਰ ਸਨ।

ਇਸ ਮੌਕੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਸੱਚਖੰਡ ਬੇਗਮਪੁਰਾ, ਸ੍ਰੀ ਖੁਰਾਲਗੜ੍ਹ ਸਾਹਿਬ ਦੇ ਸੰਤ ਸਤਵਿੰਦਰ ਹੀਰਾ (ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਭਾਰਤ) ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਹਾਨ ਆਦਿ ਧਰਮ ਸਮਾਗਮ 1 ਨਵੰਬਰ 2026, ਦਿਨ ਐਤਵਾਰ ਨੂੰ ਡੇਰਾ 108 ਸੰਤ ਮੇਲਾ ਰਾਮ, ਨਗਰ (ਫਿਲੌਰ) ਵਿਖੇ ਸੰਤ ਸਰਵਣ ਦਾਸ ਜੀ ਮਹਾਰਾਜ ਬੋਹਣ ਵਾਲਿਆਂ ਦੀ ਰਹਿਨੁਮਾਈ ਅਤੇ ਸੰਤ ਪਰਮਜੀਤ ਦਾਸ ਜੀ ਨਗਰ ਵਾਲਿਆਂ ਦੀ ਦੇਖ-ਰੇਖ ਹੇਠ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਬਹੁਤ ਸ਼ਰਧਾ ਨਾਲ ਮਨਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿੱਚ ਭਾਰਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਤੋਂ ਇਲਾਵਾ ਸੰਤ-ਮਹਾਂਪੁਰਸ਼, ਬੁੱਧੀਜੀਵੀ, ਵਿਦਵਾਨ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੀਆਂ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਪਹੁੰਚ ਕੇ ਆਦਿ ਧਰਮ ਦਾ ਝੰਡਾ ਬੁਲੰਦ ਕਰਨ। ਉਨ੍ਹਾਂ ਜਨਗਣਨਾ ਵਿੱਚ ਆਦਿ ਧਰਮ ਦਰਜ ਕਰਵਾਉਣ ਅਤੇ ਆਦਿ ਧਰਮ ਦਾ ਕਾਲਮ ਸਥਾਪਿਤ ਕਰਵਾਉਣ ਲਈ ਸਮਤਾ, ਸਮਾਨਤਾ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਸੁਨੇਹਾ ਵੀ ਦਿੱਤਾ।