ਚੰਡੀਗੜ੍ਹ, 3 ਜੁਲਾਈ:- ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹਾਲ ਹੀ ਵਿੱਚ ਜਾਪਾਨ ਵਿੱਚ ਹੋਏ ਕੌਮਾਂਤਰੀ ਗੀਤਾ ਮਹੋਤਸਵ ਪ੍ਰੋਗਰਾਮ ਦੇ ਸਫ਼ਲ ਆਯੋਜਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮਹੋਤਸਵ ਭਾਰਤ-ਜਾਪਾਨ ਦੇ ਸੱਭਿਆਚਾਰਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕਰੇਗਾ। ਉਨ੍ਹਾਂ ਨੇ ਕੁਰੂਕਸ਼ੇਤਰ ਵਿੱਚ ਆਯੋਜਿਤ ਹੋਣ ਵਾਲੇ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਜਾਪਾਨ ਦੇ ਵਫ਼ਦ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦੇਣ ਅਤੇ ਦੋਵਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਅਤੇ ਵਿਦਿਅਕ ਆਦਾਨ-ਪ੍ਰਦਾਨ ਨੂੰ ਹੋਰ ਮਜ਼ਬੂਤੀ ਦੇਣ ਲਈ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।
ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨਿਵਾਸ 'ਤੇ ਮੁੱਖ ਮੰਤਰੀ ਨੂੰ ਕੌਮਾਂਤਰੀ ਗੀਤਾ ਮਹੋਤਸਵ-ਜਾਪਾਨ ਦੀ ਵਿਸਤ੍ਰਿਤ ਰਿਪੋਰਟ (ਡਿਟੇਲ ਰਿਪੋਰਟ) ਪੇਸ਼ ਕੀਤੀ ਗਈ। ਇਹ ਰਿਪੋਰਟ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ ਦੀ ਗਰਿਮਾਮਈ ਹਾਜ਼ਰੀ ਵਿੱਚ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮੈਂਬਰ ਸਕੱਤਰ ਡਾ. ਅਮਿਤ ਅਗਰਵਾਲ, ਆਨਰੇਰੀ ਸਕੱਤਰ ਉਪੇਂਦਰ ਸਿੰਘਲ ਅਤੇ ਕੌਮਾਂਤਰੀ ਗੀਤਾ ਜਯੰਤੀ ਮੇਲਾ ਅਥਾਰਟੀ ਦੇ ਮੈਂਬਰ ਵਿਜੇ ਨਰੂਲਾ ਵੱਲੋਂ ਪੇਸ਼ ਕੀਤੀ ਗਈ।
ਵਫ਼ਦ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ 18 ਤੋਂ 23 ਜੂਨ 2026 ਤੱਕ ਜਾਪਾਨ ਵਿੱਚ ਆਯੋਜਿਤ ਸੱਤਵੇਂ ਕੌਮਾਂਤਰੀ ਗੀਤਾ ਮਹੋਤਸਵ ਦੇ ਅੰਤਰਗਤ ਕੁੱਲ 18 ਵੱਖ-ਵੱਖ ਪ੍ਰੋਗਰਾਮਾਂ ਦਾ ਸਫ਼ਲ ਆਯੋਜਨ ਕੀਤਾ ਗਿਆ। ਮਹੋਤਸਵ ਦਾ ਮੁੱਖ ਉਦੇਸ਼ ਜਾਪਾਨ ਵਿੱਚ ਸ਼੍ਰੀਮਦ ਭਗਵਦ ਗੀਤਾ ਦੇ ਵਿਸ਼ਵਵਿਆਪੀ ਸੰਦੇਸ਼ ਦਾ ਪ੍ਰਚਾਰ-ਪ੍ਰਸਾਰ, ਵਿਦਿਅਕ ਅਤੇ ਸੱਭਿਆਚਾਰਕ ਸਹਿਯੋਗ ਨੂੰ ਵਧਾਉਣਾ ਅਤੇ ਭਾਰਤ, ਖਾਸ ਤੌਰ 'ਤੇ ਕੁਰੂਕਸ਼ੇਤਰ, ਅਤੇ ਜਾਪਾਨ ਵਿਚਕਾਰ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਸੀ।
ਮਹੋਤਸਵ ਦੌਰਾਨ ਜਾਪਾਨ ਦੀ ਹਾਊਸ ਆਫ਼ ਕੌਂਸਲਰਸ , ਆਈ.ਡੀ.ਪੀ. ਹੈੱਡਕੁਆਰਟਰ, ਓਸਾਕਾ ਅਸੈਂਬਲੀ ਅਤੇ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼੍ਰੀਮਦ ਭਗਵਦ ਗੀਤਾ ਭੇਂਟ ਕੀਤੀ ਗਈ। ਟੋਕੀਓ ਯੂਨੀਵਰਸਿਟੀ ਵਿੱਚ ਕੌਮਾਂਤਰੀ ਗੀਤਾ ਸੰਗੋਸ਼ਠੀ ਦਾ ਆਯੋਜਨ ਹੋਇਆ, ਜਿਸ ਵਿੱਚ ਗੀਤਾ ਦੇ ਵਿਸ਼ਵਵਿਆਪੀ ਸੰਦੇਸ਼ ਅਤੇ ਸਮਕਾਲੀ ਪ੍ਰਸੰਗਿਕਤਾ 'ਤੇ ਵਿਆਪਕ ਵਿਚਾਰ-ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਭਾਰਤ-ਜਾਪਾਨ ਦੀਆਂ ਸੱਭਿਆਚਾਰਕ ਸਮਾਨਤਾਵਾਂ 'ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰਦਰਸ਼ਨੀ, ਵਿਭਿੰਨ ਸੱਭਿਆਚਾਰਕ ਪ੍ਰੋਗਰਾਮ, ਗੀਤਾ ਯੱਗ, ਗਲੋਬਲ ਗੀਤਾ ਪਾਠ, ਗੀਤਾ ਸਦਭਾਵਨਾ ਯਾਤਰਾ ਅਤੇ ਅਰਿਕਾਵਾ ਨਦੀ ਤੱਟ 'ਤੇ ਭਵਯ ਗੀਤਾ ਆਰਤੀ ਦਾ ਆਯੋਜਨ ਵੀ ਕੀਤਾ ਗਿਆ। ਮਹੋਤਸਵ ਦਾ ਇੱਕ ਮੁੱਖ ਆਕਰਸ਼ਣ ਜਾਪਾਨ ਦੀ ਪ੍ਰਸਿੱਧ ਕਾਬੂਕੀ ਰੰਗਮੰਚ ਸ਼ੈਲੀ ਰਾਹੀਂ ਲਗਭਗ 40 ਮਿੰਟ ਦੀ ਗੀਤਾ ਪੇਸ਼ਕਾਰੀ ਰਹੀ, ਜਿਸ ਨੂੰ ਵੱਡੀ ਗਿਣਤੀ ਵਿੱਚ ਜਾਪਾਨੀ ਨਾਗਰਿਕਾਂ ਨੇ ਉਤਸ਼ਾਹਪੂਰਵਕ ਦੇਖਿਆ ਅਤੇ ਸਰਾਹਿਆ।
ਵਫ਼ਦ ਨੇ ਜਾਪਾਨ ਦੀ ਪ੍ਰਾਚੀਨ ਅਤੇ ਪ੍ਰਤਿਸ਼ਠਾਵਾਨ ਓਟਨੀ ਯੂਨੀਵਰਸਿਟੀ (ਓਸਾਕਾ) ਦਾ ਵੀ ਦੌਰਾ ਕੀਤਾ। ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨਾਲ ਭਾਰਤ, ਖਾਸ ਤੌਰ 'ਤੇ ਕੁਰੂਕਸ਼ੇਤਰ, ਅਤੇ ਜਾਪਾਨ ਵਿਚਕਾਰ ਵਿਦਿਅਕ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਵਧਾਉਣ ਅਤੇ ਗੀਤਾ ਵਿਸ਼ੇ ਨਾਲ ਸਬੰਧਤ ਖੋਜ ਗਤੀਵਿਧੀਆਂ ਦੇ ਵਿਸਥਾਰ 'ਤੇ ਵਿਸਤ੍ਰਿਤ ਚਰਚਾ ਹੋਈ। ਇਸ ਤੋਂ ਇਲਾਵਾ ਜਾਪਾਨ ਦੀ ਸੱਭਿਆਚਾਰਕ ਰਾਜਧਾਨੀ ਕਿਯੋਤੋ ਦੇ ਮੇਅਰ ਨਾਲ ਵਫ਼ਦ ਨੇ ਸਿਸਟਰ ਸਿਟੀ ਸਬੰਧ ਸਥਾਪਤ ਕਰਨ ਅਤੇ ਸੱਭਿਆਚਾਰਕ ਸਹਿਯੋਗ ਨੂੰ ਵਧਾਉਣ ਦੇ ਵਿਸ਼ੇ 'ਤੇ ਸਾਰਥਕ ਵਿਚਾਰ-ਚਰਚਾ ਕੀਤੀ।
ਵਫ਼ਦ ਨੇ ਦੱਸਿਆ ਕਿ ਮਹੋਤਸਵ ਦਾ ਮੂਲ ਉਦੇਸ਼ ਵਿਦਿਆਰਥੀਆਂ ਅਤੇ ਨੌਜਵਾਨ ਖੋਜਾਰਥੀਆਂ ਵਿੱਚ ਸ਼੍ਰੀਮਦ ਭਗਵਦ ਗੀਤਾ ਦੇ ਅਧਿਐਨ ਅਤੇ ਖੋਜ ਪ੍ਰਤੀ ਰੁਚੀ ਵਿਕਸਤ ਕਰਨਾ, ਯੂਨੀਵਰਸਿਟੀਆਂ ਵਿੱਚ ਗੀਤਾ ਆਧਾਰਿਤ ਖੋਜ ਨੂੰ ਉਤਸ਼ਾਹਿਤ ਕਰਨਾ ਅਤੇ ਭਾਰਤ ਅਤੇ ਜਾਪਾਨ ਵਿਚਕਾਰ ਸੱਭਿਆਚਾਰਕ ਅਤੇ ਵਿਦਿਅਕ ਸਹਿਯੋਗ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਣਾ ਹੈ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਕੌਮਾਂਤਰੀ ਗੀਤਾ ਮਹੋਤਸਵ ਦਾ ਮਾਰੀਸ਼ਸ, ਲੰਡਨ, ਕੈਨੇਡਾ, ਆਸਟਰੇਲੀਆ, ਸ਼੍ਰੀਲੰਕਾ ਅਤੇ ਇੰਡੋਨੇਸ਼ੀਆ ਵਿੱਚ ਸਫ਼ਲ ਆਯੋਜਨ ਕੀਤਾ ਜਾ ਚੁੱਕਾ ਹੈ ਅਤੇ ਜਾਪਾਨ ਇਸ ਲੜੀ ਦਾ ਸੱਤਵਾਂ ਕੌਮਾਂਤਰੀ ਆਯੋਜਨ ਰਿਹਾ।