ਪਟਿਆਲਾ (ਕਾਕਾ ਰਾਮ ਵਰਮਾ):- ਅੰਤਰਰਾਸ਼ਟਰੀ ਆਫ਼ਤ ਜੋਖਮ ਘਟਾਉਣ ਦਿਵਸ ਮੌਕੇ ਫੈਕਟਰੀ ਕਰਮਚਾਰੀਆਂ ਨੂੰ ਸਿਖਲਾਈ ਦੇ ਕੇ ਜਾਗਰੂਕ ਕੀਤਾ ਗਿਆ। ਰਸਾਇਣਕ ਹਾਦਸਿਆਂ, ਕੁਦਰਤੀ ਅਤੇ ਮੌਸਮ ਨਾਲ ਸਬੰਧਤ ਆਫ਼ਤਾਂ ਅਤੇ ਮਨੁੱਖੀ ਗਤੀਵਿਧੀਆਂ ਕਾਰਨ ਪੈਦਾ ਹੋਣ ਵਾਲੀਆਂ ਆਫ਼ਤਾਂ ਨੂੰ ਰੋਕਣ ਅਤੇ ਪੀੜਤਾਂ ਨੂੰ ਬਚਾਉਣ ਸਬੰਧੀ ਸਿਖਲਾਈ ਹਰ ਫੈਕਟਰੀ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਪੰਜਾਬ ਰਾਜ ਫੈਕਟਰੀ ਡਾਇਰੈਕਟੋਰੇਟ ਅਤੇ ਇੰਡਸਟਰੀਅਲ ਸੇਫਟੀ ਕੌਂਸਲ, ਚੰਡੀਗੜ੍ਹ ਵੱਲੋਂ ਡਿਪਟੀ ਡਾਇਰੈਕਟਰ ਆਫ਼ ਫੈਕਟਰੀਜ਼, ਪਟਿਆਲਾ, ਸ੍ਰੀ ਨਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਲੁਧਿਆਣਾ ਦੀਆਂ ਫੈਕਟਰੀਆਂ ਦੇ ਕਰਮਚਾਰੀਆਂ ਲਈ ਸਿਖਲਾਈ ਪ੍ਰੋਗਰਾਮ ਕਰਵਾਏ ਗਏ। ਕਰਮਚਾਰੀਆਂ ਨੂੰ ਖ਼ਤਰਨਾਕ ਪਦਾਰਥਾਂ ਦੀ ਸਹੀ ਅਤੇ ਸੁਰੱਖਿਅਤ ਵਰਤੋਂ ਕਰਨ ਦੇ ਤਰੀਕੇ ਅਤੇ ਹਾਦਸਿਆਂ ਦੇ ਪੀੜਤਾਂ ਨੂੰ ਬਚਾਉਣ ਦੇ ਢੰਗ ਦੱਸੇ ਗਏ।

ਇਸ ਮੌਕੇ ਚੰਡੀਗੜ੍ਹ ਦੇ ਚੀਫ਼ ਸੇਫਟੀ ਅਫ਼ਸਰ ਸ੍ਰੀ ਸੰਜੀਵ ਕੁਮਾਰ ਨੇ ਫੈਕਟਰੀਆਂ, ਘਰਾਂ ਅਤੇ ਵਾਹਨਾਂ ਵਿੱਚ ਹੋਣ ਵਾਲੇ ਹਾਦਸਿਆਂ ਦੇ ਕਾਰਨਾਂ ਅਤੇ ਉਨ੍ਹਾਂ ਨੂੰ ਰੋਕਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਰੈੱਡ ਕਰਾਸ ਅਤੇ ਸੇਂਟ ਜੌਨ ਐਂਬੂਲੈਂਸ ਬ੍ਰਿਗੇਡ ਦੇ ਸਾਬਕਾ ਸਹਾਇਕ ਸਿਖਲਾਈ ਕਮਿਸ਼ਨਰ ਸ੍ਰੀ ਕਾਕਾ ਰਾਮ ਵਰਮਾ ਨੇ ਕਰਮਚਾਰੀਆਂ ਤੋਂ ਵੱਖ-ਵੱਖ ਵਿਹਾਰਕ ਅਭਿਆਸ ਕਰਵਾਏ। ਕਰਮਚਾਰੀਆਂ ਨੂੰ ਮੁੱਢਲੀ ਸਹਾਇਤਾ, ਸੀਪੀਆਰ ਅਤੇ ਗੈਸ ਲੀਕ ਹੋਣ, ਧੂੰਏਂ, ਮਲਬੇ ਤੇ ਹੜ੍ਹਾਂ ਦੇ ਪੀੜਤਾਂ ਨੂੰ ਮੌਤ ਅਤੇ ਅਪੰਗਤਾ ਤੋਂ ਬਚਾਉਣ ਦੇ ਤਰੀਕਿਆਂ ਬਾਰੇ ਸਿਖਲਾਈ ਦਿੱਤੀ ਗਈ। ਇਸ ਵਿੱਚ ਵੈਂਟੀਲੇਟਰ ਰਾਹੀਂ ਨਕਲੀ ਸਾਹ ਦੇਣਾ, ਸੀਪੀਆਰ, ਰਿਕਵਰੀ ਪੁਜ਼ੀਸ਼ਨ, ਅੰਦਰੂਨੀ ਖੂਨ ਵਗਣਾ, ਹੱਡੀਆਂ ਟੁੱਟਣ, ਦਿਲ ਨਾਲ ਸਬੰਧਤ ਐਮਰਜੈਂਸੀ ਹਾਲਾਤ, ਮਿਰਗੀ ਦੇ ਦੌਰੇ, ਦਿਲ ਦਾ ਦੌਰਾ ਪੈਣ ਕਾਰਨ ਦਿਲ ਦੀ ਧੜਕਣ ਰੁਕਣਾ, ਬੇਹੋਸ਼ੀ, ਸਦਮਾ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਘਟਣ ਦੀ ਸਥਿਤੀ ਵਿੱਚ ਪੀੜਤਾਂ ਦੀ ਮਦਦ ਕਰਨ ਬਾਰੇ ਸਿਖਲਾਈ ਦਿੱਤੀ ਗਈ।

ਫੈਕਟਰੀਆਂ ਦੇ ਚੀਫ਼ ਮੈਨੇਜਰਾਂ, ਮਨੁੱਖੀ ਸਰੋਤ ਪ੍ਰਬੰਧਕਾਂ, ਸੇਫਟੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਹਾਦਸਿਆਂ ਨੂੰ ਘਟਾਉਣ ਲਈ ਮਸ਼ੀਨਾਂ, ਬਿਜਲੀ, ਪੈਟਰੋਲੀਅਮ ਪਦਾਰਥਾਂ, ਰਸਾਇਣਾਂ ਅਤੇ ਪ੍ਰਮਾਣੂ ਸਮੱਗਰੀ ਦੀ ਸਹੀ ਵਰਤੋਂ ਬਾਰੇ ਵਾਰ-ਵਾਰ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਾਦਸਾ ਵਾਪਰਨ ਸਮੇਂ ਸਿਵਲ ਡਿਫੈਂਸ, ਮੁੱਢਲੀ ਸਹਾਇਤਾ, ਸੀਪੀਆਰ, ਅੱਗ ਤੋਂ ਸੁਰੱਖਿਆ ਅਤੇ ਸਾਈਬਰ ਸੁਰੱਖਿਆ ਬਾਰੇ ਵੀ ਪ੍ਰਭਾਵਸ਼ਾਲੀ ਢੰਗ ਨਾਲ ਨਿਯਮਿਤ ਸਿਖਲਾਈ ਦਿੱਤੀ ਜਾਵੇ। ਮੁਹੱਲਿਆਂ, ਗਲੀਆਂ, ਫੈਕਟਰੀਆਂ ਅਤੇ ਸਿੱਖਿਆ ਸੰਸਥਾਵਾਂ ਵਿੱਚ ਸਿਖਲਾਈ ਪ੍ਰੋਗਰਾਮਾਂ ਦੇ ਨਾਲ-ਨਾਲ ਮੌਕ ਡ੍ਰਿੱਲਾਂ ਵੀ ਕਰਵਾਈਆਂ ਜਾਣ।