ਪਟਿਆਲਾ, 26 ਸਤੰਬਰ:- ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਅਤੇ ਰੈੱਡ ਕਰਾਸ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਆਪਣੇ ਮਿਸ਼ਨ ਤਹਿਤ ਪਬਲਿਕ ਹਾਈ ਸਕੂਲ ਅਲੋਵਾਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਵਿਖੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸੁਰੱਖਿਆ, ਸਿਹਤ, ਤੰਦਰੁਸਤੀ ਅਤੇ ਮਾੜੇ ਅਨਸਰਾਂ ਤੋਂ ਬਚਾਉ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦਿਲ ਦੇ ਦੌਰੇ ਦੇ ਕਾਰਨਾਂ ਅਤੇ ਫਸਟ ਏਡ ਸੀ.ਪੀ.ਆਰ. ਬਾਰੇ, ਨਸ਼ਿਆਂ, ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕਸ, ਕਿਡਨੈਪਿੰਗ, ਮਾੜੇ ਅਨਸਰਾਂ ਤੋਂ ਸੁਚੇਤ ਰਹਿਣ, ਘਰੇਲੂ ਗੈਸ ਅਤੇ ਬਿਜਲੀ ਦੀ ਸੁਰੱਖਿਆ ਬਾਰੇ ਸਮਝਾਇਆ।

ਵਿਦਿਆਰਥੀਆਂ ਨੂੰ ਪੁਲਿਸ, ਫਾਇਰ ਬ੍ਰਿਗੇਡ, ਐਂਬੂਲੈਂਸ ਅਤੇ ਸਾਈਬਰ ਸੁਰੱਖਿਆ ਦੇ ਹੈਲਪਲਾਈਨ ਨੰਬਰਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ।

ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ, ਪ੍ਰੋਗਰਾਮ ਕੋਆਰਡੀਨੇਟਰ ਸ਼੍ਰੀ ਸੁਖਵਿੰਦਰ ਸਿੰਘ ਗੁਰਨ ਅਤੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਾਜੇਸ਼ ਮੋਦੀ, ਵਾਈਸ ਪ੍ਰਿੰਸੀਪਲ ਸ਼੍ਰੀ ਭਗਵੰਤ ਸਿੰਘ ਵਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ਚੰਗੇਰੀ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਮਾਜਿਕ, ਸਰੀਰਕ, ਮਾਨਸਿਕ, ਆਰਥਿਕ ਅਤੇ ਪਰਿਵਾਰਿਕ ਰਿਸ਼ਤਿਆਂ ਦੀ ਮਹੱਤਤਾ ਅਤੇ ਗ਼ਲਤੀਆਂ, ਲਾਲਚਾਂ ਕਰਕੇ ਹੋ ਰਹੇ ਨੁਕਸਾਨਾਂ ਬਾਰੇ ਦੱਸਣਾ ਲਾਭਦਾਇਕ ਹੈ ਤਾਂ ਜੋ ਬੱਚਿਆਂ ਵਲੋਂ ਆਪਣੇ ਆਪ ਨੂੰ ਸਿਹਤਮੰਦ, ਤੰਦਰੁਸਤ, ਸੁਰੱਖਿਅਤ ਅਤੇ ਖੁਸ਼ਹਾਲ ਬਣਾਉਣ ਲਈ ਆਪਣੀ ਪੱਧਰ ’ਤੇ ਯਤਨ ਕੀਤੇ ਜਾਣ।