ਨੰਗਲ/ਊਨਾ, 11 ਅਕਤੂਬਰ (ਰਾਜਵੀਰ ਚੋਪੜਾ):- ਭਾਰਤ ਵਿਕਾਸ ਪਰਿਸ਼ਦ (ਭਾ.ਵਿ.ਪ.) ਦੀ ਭਾਖੜਾ ਨੰਗਲ ਸ਼ਾਖਾ ਵੱਲੋਂ ਲੋੜਵੰਦ ਲੋਕਾਂ ਅਤੇ ਮਰੀਜ਼ਾਂ ਦੀ ਸਹਾਇਤਾ ਲਈ ਚਲਾਏ ਜਾ ਰਹੇ ਸੇਵਾ ਕਾਰਜਾਂ ਦੀ ਲੜੀ ਤਹਿਤ ਇੱਕ ਸ਼ਲਾਘਾਯੋਗ ਪਹਿਲਕਦਮੀ ਕਰਦਿਆਂ ਪਿੰਡ ਕੈਥੇੜਾ ਦੀ ਵਸਨੀਕ ਅਪਾਹਜ ਮਹਿਲਾ ਸ਼ਵੇਤਾ ਨੂੰ ਵ੍ਹੀਲਚੇਅਰ ਭੇਟ ਕੀਤੀ ਗਈ।
ਸ਼ਵੇਤਾ ਦੀ ਸਰੀਰਕ ਹਾਲਤ ਅਜਿਹੀ ਹੈ ਕਿ ਉਹ ਨਾ ਸਿਰਫ਼ ਤੁਰਨ-ਫਿਰਨ ਤੋਂ ਅਸਮਰੱਥ ਹੈ, ਸਗੋਂ ਆਪਣੇ ਪੈਰਾਂ ਉੱਤੇ ਖੜ੍ਹੀ ਵੀ ਨਹੀਂ ਹੋ ਸਕਦੀ। ਉਸ ਦੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਜੀਵਨ ਨੂੰ ਕੁਝ ਸੁਖਾਲਾ ਬਣਾਉਣ ਦੇ ਉਦੇਸ਼ ਨਾਲ ਭਾਰਤ ਵਿਕਾਸ ਪਰਿਸ਼ਦ ਦੀ ਭਾਖੜਾ ਨੰਗਲ ਸ਼ਾਖਾ ਵੱਲੋਂ ਨਵਾਂ ਨੰਗਲ ਸਥਿਤ ਪ੍ਰਾਈਮੋ ਕੈਮੀਕਲ ਲਿਮਟਿਡ ਦੀ ਕਾਲੋਨੀ ਦੇ ਮੰਦਰ ਵਿੱਚ ਵ੍ਹੀਲਚੇਅਰ ਮੁਹੱਈਆ ਕਰਵਾਈ ਗਈ, ਤਾਂ ਜੋ ਸ਼ਵੇਤਾ ਨੂੰ ਆਉਣ-ਜਾਣ ਅਤੇ ਰੋਜ਼ਾਨਾ ਦੇ ਕੰਮਾਂ ਵਿੱਚ ਸਹੂਲਤ ਮਿਲ ਸਕੇ।
ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਭਾਖੜਾ ਨੰਗਲ ਟਰੱਸਟ ਦੇ ਸੰਸਥਾਪਕ ਨਿਰਦੇਸ਼ਕ ਐਡਵੋਕੇਟ ਅਸ਼ੋਕ ਮਨੋਚਾ ਅਤੇ ਸ਼ਾਖਾ ਪ੍ਰਧਾਨ ਜਗਮੋਹਨ ਸਿੰਘ ਵਾਲੀਆ ਨੇ ਕਿਹਾ ਕਿ ਭਾਰਤ ਵਿਕਾਸ ਪਰਿਸ਼ਦ ਇੱਕ ਸਮਾਜਿਕ ਅਤੇ ਸੇਵਾ ਨੂੰ ਸਮਰਪਿਤ ਸੰਸਥਾ ਹੈ, ਜੋ ਲੋੜਵੰਦ ਲੋਕਾਂ ਦੀ ਸਹਾਇਤਾ ਅਤੇ ਲੋਕ-ਭਲਾਈ ਦੇ ਕਾਰਜਾਂ ਰਾਹੀਂ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਾਖਾ ਭਵਿੱਖ ਵਿੱਚ ਵੀ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ, ਅਪਾਹਜ ਵਿਅਕਤੀਆਂ ਅਤੇ ਮਰੀਜ਼ਾਂ ਦੀ ਸਹਾਇਤਾ ਲਈ ਹਮੇਸ਼ਾ ਤਤਪਰ ਰਹੇਗੀ।
ਇਸ ਮੌਕੇ ਸ਼ਵੇਤਾ ਦੇ ਮਾਤਾ-ਪਿਤਾ ਸਮੇਤ ਭਾਰਤ ਵਿਕਾਸ ਪਰਿਸ਼ਦ ਭਾਖੜਾ ਨੰਗਲ ਸ਼ਾਖਾ ਵੱਲੋਂ ਸੰਸਥਾਪਕ ਨਿਰਦੇਸ਼ਕ ਐਡਵੋਕੇਟ ਅਸ਼ੋਕ ਮਨੋਚਾ, ਪ੍ਰਧਾਨ ਜਗਮੋਹਨ ਸਿੰਘ ਵਾਲੀਆ, ਸਕੱਤਰ ਇੰਜੀਨੀਅਰ ਰਾਜਨ ਸੋਨੀ, ਸਾਬਕਾ ਖ਼ਜ਼ਾਨਚੀ ਰਾਜੀ ਛਾਬੜਾ ਅਤੇ ਮੈਡਮ ਬਿੰਦੂ ਡੋਗਰਾ ਹਾਜ਼ਰ ਰਹੇ। ਮੰਦਰ ਕਮੇਟੀ ਦੀ ਮਹਿਲਾ ਕੀਰਤਨ ਮੰਡਲੀ ਵੱਲੋਂ ਮੈਡਮ ਸ਼ਸ਼ੀ ਵਸ਼ਿਸ਼ਟ, ਰੀਨਾ, ਸਰੋਜ ਅਤੇ ਪੰਡਿਤ ਦੀਪਕ ਜੀ ਵੀ ਇਸ ਮੌਕੇ ਮੌਜੂਦ ਸਨ।
