ਪਟਿਆਲਾ, 23 ਜੂਨ:- ਪੀ.ਡਬਲਿਯੂ.ਡੀ. ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਲੰਬਿਤ ਮੰਗਾਂ ਦੇ ਹੱਲ ਲਈ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਰਕਾਰ ਵੱਲੋਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ 21 ਜੁਲਾਈ 2026 ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਦਿੜਬਾ ਵਿੱਚ ਵਿਸ਼ਾਲ ਰੋਸ ਰੈਲੀ ਅਤੇ ਝੰਡਾ ਮਾਰਚ ਕੱਢਿਆ ਜਾਵੇਗਾ।
ਸੂਬਾ ਕਮੇਟੀ ਦੇ ਸੱਦੇ 'ਤੇ ਪੀ.ਡਬਲਿਯੂ.ਡੀ. ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪਟਿਆਲਾ ਜੋਨ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰਬਰ-1, ਮੰਡਲ ਨੰਬਰ-2 ਅਤੇ ਮਕੈਨੀਕਲ ਦਫ਼ਤਰ ਅੱਗੇ ਜੋਨ ਪ੍ਰਧਾਨ ਕੁਲਦੀਪ ਸਿੰਘ ਘੱਗਾ, ਮੀਤ ਪ੍ਰਧਾਨ ਧਰਮਪਾਲ ਸਿੰਘ ਲੌਟ ਅਤੇ ਮਲਕੀਤ ਸਿੰਘ ਭੁਟਾਣਾ ਦੀ ਅਗਵਾਈ ਹੇਠ ਰੋਸ ਰੈਲੀਆਂ ਕੀਤੀਆਂ ਗਈਆਂ। ਇਸ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਮ ਕਾਰਜਕਾਰੀ ਇੰਜੀਨੀਅਰਾਂ ਨੂੰ ਮੰਗ ਪੱਤਰ ਸੌਂਪੇ ਗਏ।
ਰੋਸ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਾਬਕਾ ਸੂਬਾ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ, ਸੂਬਾ ਆਗੂ ਰਾਜਪਾਲ ਸਿੰਘ ਲਸੋਈ, ਜਸਵੀਰ ਸਿੰਘ ਖੋਖਰ, ਜੋਨ ਸਕੱਤਰ ਲਖਵਿੰਦਰ ਸਿੰਘ ਖਾਨਪੁਰ, ਹਰਬੀਰ ਸਿੰਘ ਸੁਨਾਮ, ਅਰਜਨ ਸਿੰਘ ਰਾਜਪੁਰਾ, ਦਰਸ਼ਨ ਸਿੰਘ ਫਤਿਹਗੜ੍ਹ ਸਾਹਿਬ, ਜੁਆਇੰਟ ਐਕਸ਼ਨ ਕਮੇਟੀ ਰਾਜਿੰਦਰਾ ਹਸਪਤਾਲ ਦੇ ਪ੍ਰਧਾਨ ਸਵਰਨ ਸਿੰਘ ਬੰਗਾ, ਦਰਜਾਚਾਰ ਕਰਮਚਾਰੀ ਯੂਨੀਅਨ ਦੀ ਪ੍ਰਧਾਨ ਮੋਨਿਕਾ ਮਸੀਹ, ਰਜਿੰਦਰਪਾਲ ਸਿੰਘ, ਸੁਖਦੇਵ ਸਿੰਘ ਰਾਜਪੁਰਾ, ਪ੍ਰਗਟ ਸਿੰਘ ਸਮਾਣਾ, ਜਸਵੀਰ ਸਿੰਘ ਪੰਜੌਲਾ, ਪਿਆਰਾ ਸਿੰਘ ਪਾਤੜਾਂ, ਗੁਰਚਰਨ ਸਿੰਘ ਧਨੋਆ, ਦਿਆਲ ਸਿੰਘ ਸਿੱਧੂ, ਦਵਿੰਦਰ ਸਿੰਘ, ਦੀਪਕ ਕੁਮਾਰ, ਸਵਰਨ ਸਿੰਘ, ਰਾਮ ਅਵਤਾਰ, ਉਗਰਸੈਨ ਅਤੇ ਵਿਜੈ ਕੁਮਾਰ ਜੇ.ਈ. ਨੇ ਸਰਕਾਰ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਲ ਸਪਲਾਈ ਯੋਜਨਾਵਾਂ ਦੇ ਪੰਚਾਇਤੀਕਰਨ ਅਤੇ ਨਿੱਜੀਕਰਨ, ਆਊਟਸੋਰਸ ਕਰਮਚਾਰੀਆਂ ਨੂੰ ਪੱਕਾ ਕਰਨ, ਦਰਜਾਚਾਰ ਕਰਮਚਾਰੀਆਂ ਦੀਆਂ ਤਰੱਕੀਆਂ, ਪ੍ਰੀਖਿਆਵਾਂ ਕਰਵਾਉਣ ਅਤੇ ਡੈੱਥ ਕੇਸਾਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ ਸਬੰਧੀ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਨ੍ਹਾਂ ਮੰਗ ਕੀਤੀ ਕਿ ਆਊਟਸੋਰਸ, ਇਨਲਿਸਟਮੈਂਟ ਅਤੇ ਡੇਲੀਵੇਜ ਕਰਮਚਾਰੀਆਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ ਅਤੇ ਕੱਚੇ ਕਰਮਚਾਰੀਆਂ ਲਈ ਘੱਟੋ-ਘੱਟ ਤਨਖ਼ਾਹ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਨਿਰਧਾਰਤ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਵਿਭਾਗਾਂ ਦਾ ਨਿੱਜੀਕਰਨ ਅਤੇ ਪੰਚਾਇਤੀਕਰਨ ਤੁਰੰਤ ਬੰਦ ਕੀਤਾ ਜਾਵੇ, ਖਾਲੀ ਪਈਆਂ ਅਸਾਮੀਆਂ 'ਤੇ ਰੈਗੂਲਰ ਭਰਤੀ ਕੀਤੀ ਜਾਵੇ, ਸਿੰਚਾਈ ਵਿਭਾਗ ਵਿੱਚ ਕੀਤੀਆਂ ਗਈਆਂ ਬਦਲੀਆਂ ਰੱਦ ਕੀਤੀਆਂ ਜਾਣ, ਪੇ-ਕਮਿਸ਼ਨ ਦਾ ਬਕਾਇਆ ਅਤੇ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਜਾਣ।
ਯੂਨੀਅਨ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਦਰਜਾਚਾਰ ਦੇ ਟੈਸਟ ਪਾਸ ਕਰ ਚੁੱਕੇ ਕਰਮਚਾਰੀਆਂ ਨੂੰ ਦਰਜਾ-ਤੀਜਾ ਵਿੱਚ ਤਰੱਕੀ ਦਿੱਤੀ ਜਾਵੇ, ਦਰਜਾ-ਤਿੰਨ ਕਰਮਚਾਰੀਆਂ ਨੂੰ 20:30:50 ਸਕੀਮ ਦਾ ਲਾਭ ਦਿੱਤਾ ਜਾਵੇ ਅਤੇ ਬਾਕੀ ਰਹਿੰਦੇ ਯੋਗ ਕਰਮਚਾਰੀਆਂ ਨੂੰ ਵੀ ਤਰੱਕੀਆਂ ਪ੍ਰਦਾਨ ਕੀਤੀਆਂ ਜਾਣ।
ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ 21 ਜੁਲਾਈ 2026 ਨੂੰ ਦਿੜਬਾ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਵਿੱਚ ਵਿਸ਼ਾਲ ਰੋਸ ਰੈਲੀ ਅਤੇ ਝੰਡਾ ਮਾਰਚ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਕੁਲਦੀਪ ਵਰਮਾ, ਜੀਤ ਬਹਾਦਰ, ਜੇ.ਈ. ਲਖਵਿੰਦਰ ਸਿੰਘ, ਜਸਵਿੰਦਰ ਬੇਲੂਮਾਜਰਾ, ਫਤਿਹਗੜ੍ਹ ਸਾਹਿਬ ਸਮੇਤ ਵੱਡੀ ਗਿਣਤੀ ਵਿੱਚ ਯੂਨੀਅਨ ਆਗੂ ਅਤੇ ਕਰਮਚਾਰੀ ਹਾਜ਼ਰ ਸਨ।