ਹੁਸ਼ਿਆਰਪੁਰ:-  ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਵਲੋਂ ਸ੍ਰੀ ਗੁਰੂ ਰਵਿਦਾਸ ਚਰਨਛੋਹ ਇਤਿਹਾਸਕ ਧਰਮ ਅਸਥਾਨ ਬੇਗਮਪੁਰਾ ਵਿਖੇ ਆਦਿ ਧਰਮ ਮੰਡਲ ਦੇ ਸ਼ਤਾਬਦੀ ਸਮਾਗਮਾਂ ਮੌਕੇ ਹਾਜਰ ਵਿਸ਼ਾਲ ਇਕੱਠ ਵਿੱਚ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਮਨਜੂਰੀ ਦੇਵੇ ਤਾਂ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ  ਸ੍ਰੀ ਖੁਰਾਲਗੜ੍ਹ ਸਾਹਿਬ 'ਚ ਸਿਹਤ, ਸਿੱਖਿਆ ਅਤੇ ਖੇਡਾਂ ਦੇ ਵੱਡੇ ਪ੍ਰੋਜੈਕਟ ਉਸਾਰੀ ਲਈ ਪਹਿਲਕਦਮੀ ਕਰੇਗਾ। ਉਨਾਂ ਕਿਹਾ ਸਰਕਾਰ ਇਥੇ ਉਸਾਰੀ ਲਈ ਲਗਾਈਆਂ ਧਰਾਵਾਂ ਖਤਮ ਕਰੇ ਤਾਂ ਕਿ ਸ੍ਰੀ ਖੁਰਾਲਗੜ ਸਾਹਿਬ ਨੂੰ ਸਿਹਤ,ਸਿੱਖਿਆ, ਖੇਡਾਂ ਅਤੇ ਸੱਭਿਆਚਾਰ ਪੱਖੋਂ ਵਿਕਸਤ ਤੇ ਖੁਸ਼ਹਾਲ ਮਾਡਲ ਵਜੋਂ ਵਿਕਸਤ ਕੀਤਾ ਜਾ ਸਕੇ।  
ਸੰਤ ਹੀਰਾ ਨੇ ਕਿਹਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਉਨਾਂ ਦੀ ਪਰਮਸ਼ਿਸ਼ ਮੀਰਾਂ ਬਾਈ ਦੇ  ਸੁੰਦਰ ਅਲੌਕਿਕ ਮੰਦਿਰ ਉਸਾਰੀ ਲਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਵੱਡਾ ਉਤਸ਼ਾਹਪੂਰਨ ਹੁੰਗਾਰਾ ਮਿਲਿਆ ਹੈ, ਜੋ ਕਿ ਕੁੱਝ ਦਿਨਾਂ ਵਿਚ ਹੀ ਸੰਗਤਾਂ ਦਾ ਇਕੱਠ ਕਰਕੇ ਉਸਾਰੀ ਆਰੰਭ ਕੀਤੀ ਜਾਵੇਗੀ, ਜਿਸ ਲਈ ਸੇਵਾ ਮੁਕਤ ਅਫਸਰ ਸਹਿਬਾਨ,ਬੁੱਧੀਜੀਵੀਆਂ ਦੀ ਇਕ ਸਥਾਈ ਤੇ ਸਦੀਵੀ ਸਮੇਂ ਦੀ ਸੋਚ ਤੇ ਕੰਮ ਕਰਨ ਵਾਲੀ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਜਾਵੇਗੀ ਤਾਂ ਕਿ ਇਹ ਅਸਥਾਨ ਸਦਾ ਲਈ ਆਦਿ ਧਰਮੀ ਕੌਮ ਦਾ ਮੁੱਖ ਕੇਂਦਰ ਬਣਿਆ ਰਹੇ। 
ਸੰਤ ਹੀਰਾ ਨੇ ਕਿਹਾ ਕਿ ਨੌਜਬਾਨਾਂ ਨੂੰ ਫ੍ਰੀ ਆਈ ਏ ਐਸ, ਆਈ ਪੀ ਐਸ,ਪੀ ਸੀ ਐਸ ਟ੍ਰੇਨਿੰਗ ਦੇਣ ਲਈ ਕੋਚਿੰਗ ਸੈਂਟਰ ਦੀ ਉਸਾਰੀ ਵਰਗੇ ਵੱਡੇ ਮਹਾਨ ਕਾਰਜ ਵੀ ਜਲਦ ਆਰੰਭ ਹੋਣਗੇ। ਓਨਾਂ ਸਮਾਜ ਦੇ ਬੁਧੀਜੀਵੀਆਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਮਹਾਨ ਕਾਰਜਾਂ ਲਈ ਅੱਗੇ ਆਉਣ ਤੇ ਆਪਣਾ ਬਣਦਾ ਯੋਗਦਾਨ ਪਾਉਣ।  
ਸੰਤ ਸਤਵਿੰਦਰ ਹੀਰਾ ਨੇ ਫਿਰ ਮੁੜ ਦੁਹਰਾਇਆ ਕਿ ਓਨਾਂ ਦਾ ਸੁਪਨਾ ਹੈ,ਸੋਚ ਹੈ ਕਿ ਸ੍ਰੀ ਖੁਰਾਲਗੜ ਸਾਹਿਬ ਵਿਖੇ ਇਕ ਵੱਡੀ ਅਕੈਡਮੀ ਸਥਾਪਿਤ ਹੋਵੇ ਜਿਥੋਂ ਬਾਬੂ ਮੰਗੂ ਰਾਮ ਮੁਗੋਵਾਲੀਆ,ਮਹਾਤਮਾ ਜੋਤੀਬਾ ਫੁਲੇ, ਬਾਬਾ ਸਾਹਿਬ ਡਾ. ਅੰਬੇਡਕਰ, ਬਾਬੂ ਕਾਂਸ਼ੀ ਰਾਮ ਵਰਗੇ ਮਹਾਂਨਾਇਕ ਪੈਦਾ ਹੋਣ ਅਤੇ ਆਦਿ ਧਰਮ ਦੀ ਲਹਿਰ ਨੂੰ ਪੂਰੇ ਵਿਸ਼ਵ ਅੰਦਰ ਪ੍ਰਚੰਡ ਕਰਕੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਪਰਿਵਰਤਨ ਦੇ ਅੰਦੋਲਨ ਨੂੰ ਮੰਜ਼ਿਲ ਵੱਲ ਲਿਜਾਣ ਲਈ ਸੰਘਰਸ਼ ਜਾਰੀ ਰੱਖਣ।